ਸਹਿਕਾਰੀ ਬੈਂਕ ''ਚ 19 ਕਰੋੜ ਰੁਪਏ ਦਾ ਘਪਲਾ ਕਰਨ ਵਾਲਾ ਜ਼ਿਲਾ ਮੈਨੇਜਰ ਗ੍ਰਿਫ਼ਤਾਰ

09/21/2017 7:07:31 AM


ਗੁਰਦਾਸਪੁਰ (ਵਿਨੋਦ, ਦੀਪਕ) - ਕੇਂਦਰੀ ਸਹਿਕਾਰੀ ਬੈਂਕ ਬਟਾਲਾ ਸ਼ਾਖ਼ਾ ਤੋਂ ਸਾਲ 2010 ਤੋਂ 2013 ਵਿਚ ਲਗਭਗ 19 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਇਕ ਜ਼ਿਲਾ ਮੈਨੇਜਰ ਨੂੰ ਵਿਜੀਲੈਂਸ ਵਿਭਾਗ ਨੇ ਗ੍ਰਿਫ਼ਤਾਰ ਕਰ ਕੇ ਸਥਾਨਕ ਸੀ. ਜੇ. ਐੱਮ. ਦੀ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀ ਨੂੰ ਵਿਜੀਲੈਂਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਕਰਜ਼ਾ ਵੰਡ ਸਬੰਧੀ ਕੇਂਦਰੀ ਸਹਿਕਾਰੀ ਬੈਂਕ ਬਟਾਲਾ ਸ਼ਾਖ਼ਾ 'ਚ ਸਾਲ 2010 ਤੋਂ 2013 ਤੱਕ ਤਾਇਨਾਤ ਮੈਨੇਜਰ ਬਲਵਿੰਦਰ ਸਿੰਘ, ਜ਼ਿਲਾ ਮੈਨੇਜਰ ਸਰਬਜੀਤ ਸਿੰਘ ਜੋ ਇਸ ਸਮੇਂ ਐੱਮ. ਡੀ. ਹੈ ਤੇ ਬਲਜੀਤ ਸਿੰਘ ਸਾਬਕਾ ਚੇਅਰਮੈਨ ਬੈਂਕ ਵੱਲੋਂ ਜਾਅਲੀ ਦਸਤਾਵੇਜ਼ ਦੇ ਆਧਾਰ 'ਤੇ 50 ਲਾਭਪਾਤਰੀਆਂ ਨੂੰ 25-25 ਲੱਖ ਰੁਪਏ ਜੋ ਕੁਲ 12 ਕਰੋੜ 50 ਲੱਖ ਬਣਦੇ ਹਨ, ਕਰਜ਼ਾ ਦਿੱਤਾ ਗਿਆ ਸੀ। ਕਰਜ਼ਾ ਵਾਪਸ ਨਾ ਹੋਣ ਕਾਰਨ ਇਹ ਰਾਸ਼ੀ ਲਗਭਗ 19 ਕਰੋੜ ਤੋਂ ਜ਼ਿਆਦਾ ਹੋ ਗਈ ਸੀ।
ਵਿਜੀਲੈਂਸ ਸੂਤਰਾਂ ਅਨੁਸਾਰ ਇਸ ਤਰ੍ਹਾਂ 9 ਹੋਰ ਲਾਭਪਾਤਰੀਆਂ ਨੂੰ 40-40 ਲੱਖ ਰੁਪਏ ਡੇਅਰੀ ਫਾਰਮ ਸ਼ੁਰੂ ਕਰਨ ਲਈ ਕਰਜ਼ਾ ਦਿੱਤਾ ਗਿਆ ਸੀ ਤੇ ਇਸ ਸਬੰਧੀ ਵੀ ਜਾਅਲੀ ਰਿਪੋਰਟ ਦੇ ਆਧਾਰ 'ਤੇ ਕਰਜ਼ਾ ਦਿੱਤਾ ਗਿਆ। ਇਸ ਸਬੰਧੀ ਕਰਜ਼ਾ ਲੈਣ ਵਾਲਿਆਂ ਨੇ ਬੈਂਕ ਸ਼ਾਖ਼ਾ ਦੀ ਨਿਰਧਾਰਿਤ ਇਲਾਕਾ ਸੀਮਾ ਤੋਂ ਬਾਹਰ ਦੇ ਇਲਾਕੇ ਦੀ ਜਾਇਦਾਦ ਬੈਂਕ ਨੂੰ ਗਾਰੰਟੀ ਦੇ ਰੂਪ 'ਚ ਦਿੱਤੀ। ਇਸ ਕੇਸ ਦੀ ਜਾਂਚ 'ਚ ਪਾਇਆ ਗਿਆ ਸੀ ਕਿ ਸਾਬਕਾ ਚੇਅਰਮੈਨ ਬੈਂਕ ਬਲਬੀਰ ਸਿੰਘ ਨੇ ਜਾਇਦਾਦਾਂ ਨੂੰ ਆਪਣੇ ਜਾਣ-ਪਛਾਣ ਦੇ ਲੋਕਾਂ ਦੇ ਨਾਂ 'ਤੇ ਇਹ ਕਰਜ਼ੇ ਲਏ ਸੀ ਪਰ ਕਰਜ਼ਾ ਲੈਣ 'ਤੇ ਇਹ ਜਾਇਦਾਦ ਬੈਂਕ ਦੇ ਨਾਂ 'ਤੇ ਨਹੀਂ ਕਰਵਾਈ ਗਈ ਸੀ। ਕਰਜ਼ਾ ਲੈਣ ਵਾਲਿਆਂ ਨੇ ਜੋ ਆਪਣੇ ਐਡਰੈੱਸ ਲਿਖਵਾਏ ਸੀ, ਉਹ ਵੀ ਗਲਤ ਪਾਏ ਗਏ ਤੇ ਕਰਜ਼ਾ ਲੈਣ ਵਾਲੇ ਲੋਕ ਕਰਜ਼ਾ ਲੈਣ ਦੀ ਸਮਰੱਥਾ ਨਹੀਂ ਰੱਖਦੇ ਸਨ, ਜਿਸ 'ਤੇ ਜਾਂਚ-ਪੜਤਾਲ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਅੰਮ੍ਰਿਤਸਰ 'ਚ ਤਿੰਨ ਅਧਿਕਾਰੀਆਂ ਦੇ ਵਿਰੁੱਧ ਕੇਸ ਦਰਜ ਕੀਤਾ। ਬੀਤੀ ਰਾਤ ਜ਼ਿਲਾ ਮੈਨੇਜਰ ਰਹਿ ਚੁੱਕੇ ਸਰਬਜੀਤ ਸਿੰਘ ਨੂੰ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ, ਜਦਕਿ ਦੋ ਹੋਰ ਦੋਸ਼ੀ ਫਰਾਰ ਦੱਸੇ ਜਾਂਦੇ ਹਨ।