ਧੋਖੇ ਨਾਲ ਏ. ਟੀ. ਐੱਮ. ਕਾਰਡ ਬਣਵਾ ਕੇ ਕਢਵਾਏ ਸਵਾ ਸੱਤ ਲੱਖ, 2 ਕਾਬੂ

07/21/2018 2:51:56 AM

ਹਲਵਾਰਾ, (ਮਨਦੀਪ)- ਥਾਣਾ ਸੁਧਾਰ ਮੁਖੀ ਇੰਸਪੈਕਟਰ ਹਰਜਿੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨਾਂ ਤੋਂ ਐੱਨ. ਆਰ. ਆਈ.  ਜਸਵੰਤ ਸਿੰਘ ਬੋਪਾਰਾਏ ਦੇ ਬੈਂਕ ਅਕਾਊਂਟ ’ਚੋਂ ਸਵਾ ਸੱਤ ਲੱਖ ਰੁਪਏ ਨਿਕਲਣ ਸਬੰੰਧੀ ਉਨ੍ਹਾਂ ਨੂੰ ਸੂਚਨਾ ਮਿਲੀ, ਜਿਸ ’ਤੇ ਕਾਰਵਾਈ ਕਰਦਿਅਾਂ ਜਸਵੰਤ ਸਿੰਘ ਦੇ ਇੱਕ ਰਿਸ਼ਤੇਦਾਰ ਲਖਵੀਰ ਸਿੰਘ ਅੱਬੂਵਾਲ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ। ਤਫਤੀਸ਼ੀ ਅਧਿਕਾਰੀ  ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਐੱਨ. ਆਰ. ਆਈ. ਜਸਵੰਤ ਸਿੰਘ ਦੇ ਬੈਂਕ ਅਕਾਊਂਟ ’ਚੋਂ ਰੁਪਏ ਨਿਕਲਣ ਸਬੰਧੀ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ, ਜਿਸ ਵਿਚ ਸਾਹਮਣੇ ਆਇਆ ਕਿ ਜਸਵੰਤ  ਸਿੰਘ ਦਾ ਇਕ ਮੋਬਾਇਲ ਸਿਮ ਜੋ ਬੰਦ ਹੋ ਗਿਆ ਸੀ, ਜਿਸ ਨੰਬਰ ਨੂੰ ਸੁਖਰਾਜ ਸਿੰਘ ਪੁੱਤਰ ਮੰਗੂ ਸਿੰਘ ਮੁਕਤਸਰ ਤੇ ਸਾਜਨ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਖੂਨਣ ਕਲਾਂ ਮੁਕਤਸਰ ਨੇ ਵਰਤੋਂ ਵਿਚ ਲਿਆਂਦਾ।
ਇਸੇ ਦੇ ਜ਼ਰੀਏ ਉਨ੍ਹਾਂ ਨੇ ਇਕ ਏ. ਟੀ. ਐੱਮ. ਕਾਰਡ ਆਨ ਲਾਈਨ ਅਪਲਾਈ ਕਰ ਕੇ ਬਣਵਾਇਆ ਤੇ ਵੱਖ-ਵੱਖ ਸਮੇਂ ਵਿਚ ਵੱਖ-ਵੱਖ ਥਾਵਾਂ ਤੋਂ ਕਰੀਬ ਸਵਾ ਸੱਤ ਲੱਖ ਰੁਪਏ ਕੱਢਵਾ ਲਏ । ਜਾਂਚ ਦੌਰਾਨ ਸੁਖਰਾਜ ਤੇ ਸਾਜਨ ਨੂੰ ਮੋਬਾਇਲ ਫੋਨ ਦੀ ਲੋਕੇਸ਼ਨ ਰਾਹੀਂ ਕਾਬੂ ਕੀਤਾ ਗਿਆ, ਜਿਸ ਵਿਚ ਸੁਖਰਾਜ ਕੋਲੋਂ 14500 ਰੁਪਏ ਤੇ ਸਾਜਨ ਕੋਲੋਂ 4550 ਰੁਪਏ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ ਅਤੇ ਬਾਕੀ ਰਕਮ ਨਾਲ ਅਾਪਣਾ ਕਰਜ਼ਾ ਉਤਾਰ ਦਿੱਤਾ ਅਤੇ ਖਾ  ਪੀ ਗਏ।
ਇਨ੍ਹਾਂ  ਵਿਚੋਂ ਸਾਜਨ ਬੈਂਕ ’ਚ ਅਾਧਾਰ ਕਾਰਡ ਬਣਾਉਣ ਦਾ ਕੰਮ ਕਰਦਾ ਸੀ ਅਤੇ ਇਨ੍ਹਾਂ ਦੋਵਾਂ ਨੇ ਮਿਲੀ-ਭੁਗਤ ਕਰਕੇ ਇਸ ਠੱਗੀ ਵਾਲੀ ਘਟਨਾ ਨੂੰ ਅੰਜਾਮ ਦਿੱਤਾ। ਪੁਲਸ   ਨੇ  ਦੋਵਾਂ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਤੇ ਅਦਾਲਤ ਨੇ  ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ।