ਬੇਅੰਤ ਸਿੰਘ ਦੀ ਹੱਤਿਆ ਸਮੇਂ ਦੇ ਹਾਲਾਤ ਦਾ ਨਤੀਜਾ : ਅਕਾਲੀ ਦਲ

07/18/2018 6:19:48 PM

ਨਵੀਂ ਦਿੱਲੀ\ਚੰਡੀਗੜ੍ਹ (ਕਮਲ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਉਸ ਸਮੇਂ ਦੇ ਹਾਲਾਤ ਦਾ ਨਤੀਜਾ ਸੀ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਬਲਵਿੰਦਰ ਸਿੰਘ ਭੂੰਦੜ ਦਾ। ਅਕਾਲੀ ਦਲ ਨੇ ਮੰਗ ਕੀਤੀ ਹੈ ਕੇ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਜਾਵੇ। ਇਸ ਮੰਗ ਲੈ ਕੇ ਅਕਾਲੀ ਦਲ ਤੇ ਐੱਸ. ਜੀ. ਪੀ. ਸੀ. ਦੇ ਵਫਦ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਤ ਕੀਤੀ। ਅਕਾਲੀ ਦਲ ਨੇ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਦਲੀਲ ਦੇ ਕੇ ਰਾਜੋਆਣਾ ਲਈ ਰਹਿਮ ਦੀ ਅਪੀਲ ਕੀਤੀ ਹੈ। ਭੂੰਦੜ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਜਲਦ ਹੀ ਇਸ ਮਾਮਲੇ ਨੂੰ ਸੁਲਝਾਉਣ ਦਾ ਭਰੋਸਾ ਵੀ ਦਿੱਤਾ ਹੈ।
ਬੇਅੰਤ ਸਿੰਘ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਰਹੇ। ਫਿਰ 31 ਅਗਸਤ 1995 ਨੂੰ ਅੱਤਵਾਦੀਆਂ ਵਲੋਂ ਬੇਅੰਤ ਸਿੰਘ ਨੂੰ ਕਾਰ ਬੰਬ ਧਮਾਕੇ 'ਚ ਸਦਾ ਲਈ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ। ਬਹਿਰਹਾਲ ਹੁਣ ਹੱਤਿਆ ਮਾਮਲੇ 'ਚ ਦੋਸ਼ੀ ਤੇ ਫਾਂਸੀ ਦੀ ਸਜ਼ਾ ਪਾ ਚੁੱਕੇ ਰਾਜੋਆਣਾ ਲਈ ਕੀ ਫੈਸਲਾ ਆਉਂਦਾ ਹੈ ਇਸ 'ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ।