ਬੰਦੀ ਸਿੰਘਾਂ ਦੀ ਰਿਹਾਈ ਲਈ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੰਭੀਰ : ਰਾਜੋਆਣਾ

10/22/2017 5:55:09 AM

ਪਟਿਆਲਾ(ਬਲਜਿੰਦਰ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਦੇ ਦੋਸ਼ 'ਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਭੈਣ ਕਮਲਦੀਪ ਕੌਰ ਦੇ ਜ਼ਰੀਏ ਇਕ ਪੱਤਰ ਵਿਚ ਹਰ ਸਾਲ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬਾਨ ਵੱਲੋਂ ਕੌਮ ਦੇ ਨਾਂ ਦਿੱਤੇ ਸੰਦੇਸ਼ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੇ ਜ਼ਿਕਰ ਦੀ ਗੰਭੀਰਤਾ 'ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਇਸ 'ਤੇ ਕੋਈ ਕੰਮ ਹੀ ਨਹੀਂ ਹੋਣਾ ਤਾਂ ਫਿਰ ਹਰ ਵਾਰ ਸੰਦੇਸ਼ ਵਿਚ ਇਸ ਮੁੱਦੇ ਨੂੰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੇ ਪੱਤਰ ਵਿਚ ਦੱਸਿਆ ਕਿ ਉਨ੍ਹਾਂ ਵੱਲੋਂ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਕ ਪੱਤਰ ਲਿਖਿਆ ਸੀ, ਜਿਸ ਦਾ ਜਵਾਬ ਵੀ ਸਿੰਘ ਸਾਹਿਬਾਨ ਨੇ ਭੇਜਦੇ ਹੋਏ ਦੱਸਿਆ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਸਬੰਧ ਵਿਚ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਇਕ ਕਮੇਟੀ ਬਣਾ ਕੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕੀਤੇ ਜਾਣ ਪਰ ਅੱਜ ਤੱਕ ਕੋਈ ਕਮੇਟੀ ਨਹੀਂ ਬਣਾਈ ਗਈ। 
ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਮੇਰੀ ਫਾਂਸੀ ਦੇ ਫੈਸਲੇ ਦੇ ਨਿਪਟਾਰੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਰਾਬਤੇ ਦਾ ਲਿਖਤੀ ਭਰੋਸਾ ਦਿੱਤਾ ਸੀ ਅਤੇ ਬਾਅਦ 'ਚ ਇਕ ਸੱਤ ਮੈਂਬਰੀ ਕਮੇਟੀ ਵੀ ਬਣਾਈ ਗਈ। ਇਕ ਸਾਲ ਬੀਤ ਜਾਣ ਤੋਂ ਬਾਅਦ ਨਾ ਤਾਂ ਕਮੇਟੀ ਦੀ ਕੋਈ ਮੀਟਿੰਗ ਹੋਈ ਅਤੇ ਨਾ ਹੀ ਇਸ ਲਈ ਕੋਈ ਚਾਰਜੋਈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਅਪੀਲ ਕੀਤੀ ਕਿ ਜੇਕਰ ਉਕਤ ਦੋਵਾਂ ਮਾਮਲਿਆਂ 'ਤੇ ਕੋਈ ਚਾਰਾਜੋਈ ਨਹੀਂ ਕਰਨੀ ਤਾਂ ਕੌਮ ਦੇ ਨਾਂ ਪੜ੍ਹੇ ਜਾਣ ਵਾਲੇ ਸੰਦੇਸ਼ ਇਸ ਸਬੰਧ ਵਿਚ ਜ਼ਿਕਰ ਕਰ ਕੇ ਕੌਮ ਨੂੰ ਗੁੰਮਰਾਹ ਨਾ ਕੀਤਾ ਜਾਵੇ।