ਕਰਤਾਰਪੁਰ ਕੋਰੀਡੋਰ 'ਤੇ ਰੱਖੀ 20 ਡਾਲਰ ਦੀ ਫੀਸ 'ਤੇ ਸੁਣੋ ਕੀ ਬੋਲੇ ਦਾਦੂਵਾਲ

09/21/2019 2:40:52 PM

ਜਲੰਧਰ (ਸੋਨੂੰ)— ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਸ੍ਰੀ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਲੰਧਰ 'ਚ ਪ੍ਰੈੱਸ ਵਾਰਤਾ ਕੀਤੀ ਗਈ। ਦਾਦੂਵਾਲ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ 'ਚ ਕਈ ਤਣਾਅ ਹੋਣ ਦੇ ਬਾਵਜੂਦ ਇਸ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਅਤੇ ਦੋਵੇਂ ਦੇਸ਼ਾਂ 'ਚ ਅਜੇ ਵੀ ਤਲਖੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਇਸੇ ਸਬੰਧ 'ਚ 24 ਨਵੰਬਰ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਅਰਦਾਸ ਕਰਨਗੇ ਤਾਂਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਸ਼ੁਰੂਆਤ 'ਚ ਕੋਈ ਰੁਕਾਵਟ ਪੈਦਾ ਨਾ ਹੋਵੇ ਅਤੇ ਸਮੇਂ 'ਤੇ ਇਹ ਖੁੱਲ੍ਹ ਸਕੇ।

ਉਥੇ ਹੀ ਦਾਦੂਵਾਲ ਨੇ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਕੋਰੀਡੋਰ ਦੇ ਦਰਸ਼ਨਾਂ ਲਈ ਰੱਖੀ ਗਈ 20 ਡਾਲਰ ਦੀ ਟੈਕਸ ਫੀਸ ਨੂੰ ਸਹੀ ਠਹਿਰਾਇਆ ਅਤੇ ਕਿਹਾ ਕਿ ਕੈਪਟਨ ਸਰਕਾਰ ਨੂੰ ਇਸ ਨੂੰ ਜਜ਼ੀਆ ਨਹੀਂ ਕਹਿਣਾ ਚਾਹੀਦਾ ਕਿਉਂਕਿ 20 ਡਾਲਰ ਨਾਲ ਕੋਰੀਡੋਰ ਦੀ ਸਾਫ ਸੰਭਾਲ ਹੋਵੇਗੀ, ਉਥੇ ਹੀ ਭਾਰਤ ਸਰਕਾਰ ਨੂੰ ਇਸ ਮੁੱਦੇ 'ਤੇ ਆੜ੍ਹੇ ਹੱਥੀ ਲੈਂਦੇ ਹੋਏ ਦਾਦੂਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਪਹਿਲਾਂ ਧਾਰਮਿਕ ਸਥਾਨ 'ਤੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਲਈ ਸਾਰੇ ਤਰ੍ਹਾਂ ਦੀ ਵੀਜ਼ਾ ਫੀਸ ਅਤੇ ਹੋਰ ਸਾਰੇ ਰਸਤੇ 'ਚ ਪੈਣ ਵਾਲੇ ਟੋਲ ਟੈਕਸ ਮੁਆਫ ਕਰਨੇ ਚਾਹੀਦੇ ਹਨ। ਉਥੇ ਹੀ ਭਾਰਤ ਸਰਕਾਰ ਵੱਲੋਂ 312 ਸਿੱਖਾਂ ਨੂੰ ਕਾਲੀ ਸੂਚੀ 'ਚੋਂ ਕੱਢਣ ਨੂੰ ਲੈ ਕੇ ਕਿਹਾ ਕਿ ਇਹ ਸੂਚੀ ਵੀ ਭਾਰਤ ਸਰਕਾਰ ਨੇ ਹੀ ਬਣਾਈ ਸੀ ਅਤੇ ਕਿਸ ਨੂੰ ਇਸ ਸੂਚੀ 'ਚੋਂ ਕੱਢਿਆ ਗਿਆ ਹੈ, ਇਹ ਵੀ ਉਨ੍ਹਾਂ ਨੂੰ ਪਤਾ ਨਹੀਂ।

shivani attri

This news is Content Editor shivani attri