ਸਿਹਤ ਮੰਤਰੀ ਵੱਲੋਂ ਮੋਹਾਲੀ ''ਚ 100 ਬਿਸਤਰਿਆਂ ਦੇ ਅਸਥਾਈ ਹਸਪਤਾਲ ਦਾ ਉਦਘਾਟਨ

08/14/2021 4:27:39 PM

ਮੋਹਾਲੀ (ਪਰਦੀਪ) : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਟੇਟ ਮੈਡੀਕਲ ਕਾਲਜ, ਬੀ. ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਅਧੀਨ ਪੰਜਾਬ ਸਰਕਾਰ ਵੱਲੋਂ ਫ਼ੇਜ਼-6 ਵਿਚ ਬਣਾਏ 100 ਬਿਸਤਰਿਆਂ ਵਾਲੇ ਅਸਥਾਈ ਹਸਪਤਾਲ ਦਾ ਉਦਘਾਟਨ ਕੀਤਾ। ਇਸ ਇਲਾਵਾ ਮੰਤਰੀ ਨੇ ਕੁੱਲ 10 ਸੇਵਾਵਾਂ ਤੇ ਪ੍ਰਾਜੈਕਟਾਂ ਦੀ ਸ਼ੁਰੂਆਤ ਅਤੇ ਉਦਘਾਟਨ ਕੀਤੇ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਜ਼ਿਲ੍ਹਾ ਪੁਲਸ ਮੁਖੀ ਸਤਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਰਕਾਰੀ ਸਿਵਲ ਹਸਪਤਾਲ ਫ਼ੇਜ਼-6 ਵਿਖੇ ਕਰਵਾਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕੀਤਾ, ਜਦੋਂ ਕਿ ਬਾਕੀ 9 ਪ੍ਰਾਜੈਕਟਾਂ ਤੇ ਸੇਵਾਵਾਂ ਦੀ ਸ਼ੁਰੂਆਤ ਉਨ੍ਹਾਂ ਵਰਚੂਅਲ ਮਾਧਿਅਮ ਰਾਹੀਂ ਕੀਤੀ।

ਇਨ੍ਹਾਂ ਵਿੱਚ ਜਨਮ ਤੇ ਮੌਤ ਦੀਆਂ ਘਟਨਾਵਾਂ ਦੀ ਆਨਲਾਈਨ ਪੋਰਟਲ ਰਾਹੀਂ ਜਾਣਕਾਰੀ ਦੇਣ ਅਤੇ ਜਨਮ ਤੇ ਮੌਤ ਦੇ ਸਰਟੀਫਿਕੇਟਾਂ ਦੀ ਪ੍ਰਾਪਤੀ ਨਿੱਜੀ ਹਸਪਤਾਲਾਂ ਰਾਹੀਂ ਕਰਨ ਦੀ ਸਹੂਲਤ, ਪਰਵਾਸੀ ਭਾਰਤੀ ਸੈੱਲ ਵੱਲੋਂ ਦਸਤਾਵੇਜ਼ਾਂ ਦੀ ਤਸਦੀਕ ਦੀ ਸਹੂਲਤ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕਰਨ, ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਪ੍ਰਾਪਤ ਕਰਨ ਲਈ ਵੈੱਬ ਪੋਰਟਲ ਦੀ ਸਹੂਲਤ, ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਐਸ. ਏ.ਐਸ. ਨਗਰ ਵਿੱਚ 183.87 ਲੱਖ ਰੁਪਏ ਨਾਲ ਆਈ. ਟੀ. ਬਲਾਕ ਦੀ ਨਵੀਂ ਇਮਾਰਤ ਦਾ ਉਦਘਾਟਨ, ਪੁਲਿਸ ਥਾਣਾ ਮਟੌਰ ਦੀ ਨਵੀਂ ਇਮਾਰਤ ਦਾ ਉਦਘਾਟਨ, ਪੁਲਸ ਸਟੇਸ਼ਨ ਜ਼ੀਰਕਪੁਰ ਦੀ ਇਮਾਰਤ ਦਾ ਉਦਘਾਟਨ, ਛੱਤਬੀੜ ਚਿੜੀਆਘਰ ਵਿੱਚ ਡਾਇਨਾਸੋਰ ਪਾਰਕ ਤੇ ਆਊਟਰ ਹਾਊਸ ਦਾ ਉਦਘਾਟਨ ਅਤੇ ਜ਼ੀਰਕਪੁਰ ਵਿੱਚ ਬਣਨ ਵਾਲੇ 17 ਐਮ. ਐਲ. ਡੀ. ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਵਰਚੂਅਲ ਮਾਧਿਅਮ ਰਾਹੀਂ ਰੱਖਿਆ ਗਿਆ।

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਮੋਹਾਲੀ ਸ਼ਹਿਰ ਤੇ ਸਮੁੱਚਾ ਹਲਕਾ ਤੇਜ਼ੀ ਨਾਲ ਵਿਸ਼ਵ ਦੇ ਮਾਨ ਚਿੱਤਰ 'ਤੇ ਵਧੀਆ ਬੁਨਿਆਦੀ ਢਾਂਚੇ ਵਾਲੇ ਸ਼ਹਿਰ ਵਜੋਂ ਆਪਣਾ ਨਾਂ ਬਣਾ ਰਿਹਾ ਹੈ। ਹੁਣ ਦੁਨੀਆ ਭਰ ਦੀਆਂ ਬਹੁ-ਕੌਮੀ ਕੰਪਨੀਆਂ ਮੋਹਾਲੀ ਆ ਕੇ ਇੱਥੇ ਆਪਣਾ ਕਾਰੋਬਾਰ ਸ਼ੁਰੂ ਕਰ ਰਹੀਆਂ ਹਨ ਕਿਉਂਕਿ ਇੱਥੇ ਵਧੀਆ ਹਵਾਈ ਕੁਨੈਕਟੀਵਿਟੀ ਤੋਂ ਇਲਾਵਾ ਵਿਸ਼ਵ ਪੱਧਰ ਦਾ ਸੜਕੀ ਨੈੱਟਵਰਕ ਹੈ। ਮੋਹਾਲੀ, ਸਿਹਤ ਸਹੂਲਤਾਂ ਤੇ ਸਿੱਖਿਆ ਦੇ ਖੇਤਰ ਵਿੱਚ ਵੀ ਬਾਕੀ ਸ਼ਹਿਰਾਂ ਤੋਂ ਤੇਜ਼ੀ ਨਾਲ ਅੱਗੇ ਨਿਕਲ ਰਿਹਾ ਹੈ। ਇੱਥੇ ਵਿਸ਼ਵ ਪੱਧਰ ਦੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਤੇ ਕਾਲਜ ਬਣ ਰਹੇ ਹਨ ਅਤੇ ਕਈ ਯੂਨੀਵਰਸਿਟੀਆਂ ਨੇ ਸ਼ਹਿਰ ਵੱਲ ਰੁਖ ਕੀਤਾ ਹੈ।

ਕੈਬਨਿਟ ਮੰਤਰੀ ਨੇ ਇੱਥੇ ਬਣੇ 100 ਬਿਸਤਰਿਆਂ ਦੇ ਅਸਥਾਈ ਹਸਪਤਾਲ ਦੀ ਗੱਲ ਕਰਦਿਆਂ ਆਖਿਆ ਕਿ ਕੋਵਿਡ-19 ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਅਤੇ ਜ਼ਿਲ੍ਹਾ ਹਸਪਤਾਲ ਐਸ. ਏ. ਐਸ ਨਗਰ ਵਿਖੇ ਮਰੀਜ਼ਾਂ ਦੀ ਦੇਖਭਾਲ ਸਬੰਧੀ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਸਟੇਟ ਮੈਡੀਕਲ ਕਾਲਜ, ਬੀ. ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਅਧੀਨ ਪੰਜਾਬ ਸਰਕਾਰ ਵੱਲੋਂ 15 ਹਜ਼ਾਰ ਸਕੁਏਰ ਫੁੱਟ ਵਿੱਚ 100 ਬਿਸਤਰਿਆਂ ਵਾਲਾ ਅਸਥਾਈ ਹਸਪਤਾਲ ਬਣਾਇਆ ਗਿਆ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 5.67 ਕਰੋੜ ਰੁਪਏ ਹੈ। ਇਹ ਹਸਪਤਾਲ ਲੈਵਲ-2 ਅਤੇ ਲੈਵਲ-3 ਕੇਅਰ ਅਤੇ 8 ਬਿਸਤਰਿਆਂ ਵਾਲਾ ਆਈ. ਸੀ. ਯੂ. ਕੇਅਰ ਮੁਹੱਈਆ ਕਰਵਾਏਗਾ। 

Babita

This news is Content Editor Babita