''ਸਿਹਤ ਬੀਮਾ ਯੋਜਨਾ ਤਹਿਤ 1 ਲੱਖ ਤੋਂ ਜ਼ਿਆਦਾ ਲੋਕਾਂ ਦਾ ਹੋਇਆ ਇਲਾਜ''

01/01/2020 9:14:15 AM

ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ 'ਚ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਤਕਰੀਬਨ 40 ਲੱਖ ਲੋਕਾਂ ਨੂੰ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕੁੱਲ 1 ਲੱਖ ਤੋਂ ਵੀ ਵੱਧ ਲੋਕ ਇਸ ਯੋਜਨਾ ਦਾ ਲਾਭ ਉਠਾ ਚੁੱਕੇ ਹਨ। ਇਨ੍ਹਾਂ ਦੇ ਇਲਾਜ ਤੇ 101 ਕਰੋੜ ਤੋਂ ਵੀ ਵੱਧ ਖਰਚ ਕੀਤਾ ਜਾ ਚੁੱਕਿਆ ਹੈ।

ਇਸ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ, ਮੁਫਤ ਇਲਾਜ ਤੇ ਜ਼ਰੂਰੀ ਟੈਸਟ ਮੁਫਤ ਕੀਤੇ ਜਾ ਰਹੇ ਹਨ। ਹੁਣ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਅਤੇ ਲੋਕਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਰਕਾਰੀ ਹਸਪਤਾਲਾਂ ਵਿੱਚ ਉੱਚ ਪੱਧਰੀ ਟੈਸਟਾਂ ਦੀ ਸੁਵਿਧਾ ਵੀ ਉਪਲਬੱਧ ਕਰਵਾਈ ਜਾ ਰਹੀ ਹੈ। ਇਸ ਅਧੀਨ ਪੀ. ਪੀ. ਪੀ. ਮਾਡਲ ਦੇ ਆਧਾਰ ਤੇ ਜ਼ਿਲ੍ਹਾ ਹਸਪਤਾਲਾਂ 'ਚ ਸੀਟੀ ਸਕੈਨ, ਐੱਮ. ਆਰ. ਆਈ., ਕੈਥ ਲੈਬ ਤੋਂ ਇਲਾਵਾ ਹੋਰ ਐਡਵਾਂਸ ਟੈਸਟ ਉਪਲਬੱਧ ਕਰਵਾਏ ਜਾਣਗੇ।
ਬਲਬੀਰ ਸਿੰਘ ਸਿੱਧੂ ਨੇ ਪੰਜਾਬ 'ਚ ਵੱਧਦੀ ਠੰਡ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਠੰਡ ਤੋਂ ਬਚਣ ਲਈ ਇੰਤਜਾਮ ਕੀਤੇ ਜਾਣ ਅਤੇ ਸੰਵੇਦਨਸ਼ੀਲ ਵਾਰਡਾਂ ਵਿੱਚ ਹੀਟ ਟਰੀਟਮੈਂਟ ਦਾ ਪ੍ਰਬੰਧ ਕੀਤਾ ਜਾਵੇ ਅਤੇ ਖਾਸ ਤੌਰ ਤੇ ਮਾਂ ਤੇ ਬੱਚੇ ਦੀ ਸਿਹਤ ਨੂੰ ਧਿਆਨ ਵਿੱਚ ਰੱਖਿਆ ਜਾਵੇ।

ਇਨ੍ਹਾਂ ਹੀ ਨਹੀਂ ਮਾਂ-ਬੱਚੇ ਦੀ ਸੰਭਾਲ ਲਈ ਸਿਹਤ ਵਿਭਾਗ, ਪੰਜਾਬ ਵੱਲੋਂ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐਸਓਪੀ) ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਹਸਪਤਾਲ ਵਿੱਚ ਐਸਐਮਓ ਦੁਆਰਾ ਰੋਜਾਨਾ ਵਿਜਿਟ ਯਕੀਨੀ ਬਣਾਈ ਜਾਵੇ ਅਤੇ ਜਿਥੇ ਕਿਤੇ ਵੀ ਕਮੀ ਪਾਈ ਜਾਂਦੀ ਹੈ। ਉਸਨੂੰ ਤੁਰੰਤ ਦਰੁਸਤ ਕੀਤਾ ਜਾਵੇ। ਇਸ ਦੇ ਨਾਲ ਨਾਲ ਸਰਕਾਰ ਵੱਲੋਂ ਉਪਲਬੱਧ ਦਵਾਈਆਂ ਤੇ ਹੋਰ ਸੁਵਿਧਾਵਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ।

Babita

This news is Content Editor Babita