ਬਲਬੀਰ ਸਿੱਧੂ ਨੇ 11 ਡਰੱਗ ਕੰਟਰੋਲਰ ਅਧਿਕਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

01/02/2020 10:14:48 AM

ਚੰਡੀਗੜ੍ਹ : ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਵਿਭਾਗ (ਐਫ. ਡੀ. ਏ.) ਦੀ ਕਾਰਗੁਜ਼ਾਰੀ ਵਿੱਚ ਵਾਧਾ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪਰਿਵਾਰ ਕਲਿਆਣ ਭਵਨ ਵਿਖੇ 11 ਡਰੱਗ ਕੰਟਰੋਲਰ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਅਹਿਮ ਅਹੁਦੇ ਦੇ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਐਫ. ਡੀ. ਏ. 'ਚ 48 ਡਰੱਗਸ ਕੰਟਰੋਲਰ ਅਧਿਕਾਰੀ ਹਨ ਅਤੇ ਇਸ ਭਰਤੀ ਨਾਲ ਇਨ੍ਹਾਂ ਦੀ ਗਿਣਤੀ 60 ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਐਫ. ਡੀ. ਏ. ਨਸ਼ਿਆਂ ਦੀ ਆਦਤ ਪਾਉਣ ਵਾਲੀ ਦਵਾਈ ਦੀ ਨਾਜਾਇਜ਼ ਵਿਕਰੀ 'ਤੇ ਨਜ਼ਰ ਰੱਖਣ ਲਈ ਸੂਬੇ ਭਰ 'ਚ ਥੋਕ ਅਤੇ ਪ੍ਰਚੂਨ ਵਿਕਰੀ ਡਰੱਗਜ਼ ਲਾਈਸੈਂਸਾਂ ਦੀ ਬਾਕਾਇਦਾ ਨਿਰੀਖਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ 11 ਡਰੱਗਜ਼ ਕੰਟਰੋਲਰ ਅਫਸਰਾਂ ਦੀ ਭਰਤੀ ਨਾਲ ਐੱਫ. ਡੀ. ਏ. ਉਨ੍ਹਾਂ ਕੈਮਿਸਟਾਂ ਖਿਲਾਫ ਕਾਰਵਾਈ ਨੂੰ ਤੇਜ਼ ਕਰੇਗੀ, ਜੋ ਨਸ਼ਿਆਂ ਦੇ ਅਨੈਤਿਕ ਵਪਾਰ 'ਚ ਲੱਗੇ ਹੋਏ ਹਨ ਅਤੇ ਜਿਸ ਨਾਲ ਮਾਰਕੀਟ ਵਿੱਚ ਉਪਲੱਬਧ ਦਵਾਈਆਂ ਦੀ ਗੁਣਵੱਤਾ 'ਚ ਵੀ ਸੁਧਾਰ ਹੋਵੇਗਾ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸੀ. ਈ. ਐਲ. (ਕੈਮੀਕਲ ਐਗਜ਼ਾਮੀਨੀਅਰ ਲੈਬ), ਖਰੜ ਵਿੱਚ ਲੰਬਿਤ ਪਏ ਸੈਂਪਲ ਦੇ ਵਿਸ਼ਲੇਸ਼ਣ ਨੂੰ ਘਟਾਉਣ ਲਈ 5 ਐਨਾਲਿਸਟਾਂ ਅਤੇ 4 ਐਮ.ਐਲ.ਟੀ. ਵੀ ਵਿਭਾਗ ਵਿੱਚ ਭਰਤੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਭਰਤੀ ਕੀਤੇ ਕਰਮਚਾਰੀ ਸਹਾਇਕ ਰਸਾਇਣ ਪ੍ਰੀਖਿਆਕਾਰਾਂ ਅਤੇ ਸੀਨੀਅਰ ਵਿਸ਼ਲੇਸ਼ਕਾਂ ਨੂੰ ਸੈਂਪਲਾਂ ਦੇ ਵਿਸ਼ਲੇਸ਼ਣ, ਆਬਕਾਰੀ ਨਮੂਨਿਆਂ ਅਤੇ ਰਿਪੋਰਟਸ ਦਾ ਰਿਕਾਰਡ ਰੱਖਣ ਵਿਚ ਸਹਾਇਤਾ ਕਰਨਗੇ।
ਬਲਬੀਰ ਸਿੰਘ ਸਿੱਧੂ ਨੇ ਅੱਗੇ ਇਹ ਵੀ ਕਿਹਾ ਕਿ ਹੁਣ ਤੱਕ ਸਿਹਤ ਵਿਭਾਗ ਵਿੱਚ ਮੈਡੀਕਲ ਤੇ ਪੈਰਾ ਮੈਡੀਕਲ ਅਤੇ ਹੋਰ ਕਲੈਰੀਕਲ ਤੇ ਮਨੀਸਟ੍ਰੀਅਲ ਸਟਾਫ ਦੀਆਂ ਲਗਭਗ 4000 ਭਰਤੀਆਂ ਕੀਤੀਆਂ ਗਈਆਂ ਹਨ ਜਿਸ ਦੇ ਨਤੀਜੇ ਵਜੋਂ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ਵਿੱਚ ਕਾਫੀ ਸੁਧਾਰ ਹੋਇਆ ਹੈ ਜੋ ਨਿਰੰਤਰ ਜਾਰੀ ਹੈ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2023 ਤੱਕ 2950 ਸਬ ਸੈਂਟਰਾਂ ਨੂੰ ਸਿਹਤ ਅਤੇ ਵੈਲਨੈੱਸ ਸੈਂਟਰਾਂ ਵਿੱਚ ਤਬਦੀਲ ਕਰਨ ਦਾ ਟੀਚਾ ਦਿੱਤਾ ਹੈ ਜਦੋਂ ਕਿ ਪੰਜਾਬ ਸਰਕਾਰ ਦੀਆਂ ਅਣਥੱਕ ਯਤਨਾਂ ਸਦਕਾ ਇਹ ਪ੍ਰਾਪਤੀ 2021 ਤੱਕ ਕਰ ਲਈ ਜਾਵੇਗੀ। ਉਨ•ਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ, 1000 ਕਮਿਊਨਿਟੀ ਸਿਹਤ ਅਧਿਕਾਰੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਅਤੇ ਹੁਣ ਤੱਕ ਲਗਭਗ 928 ਸੀ.ਐਚ.ਓਜ਼  ਭਰਤੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 690 ਹੋਰ ਸੀ. ਐਚ. ਓਜ਼ ਆਪਣਾ ਕੋਰਸ ਪੂਰਾ ਹੋਣ ਤੋਂ ਬਾਅਦ ਮਾਰਚ 2020 ਤੱਕ ਸਿਹਤ ਅਤੇ ਵੈਲਨੈੱਸ ਸੈਂਟਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਇਸ ਤੋਂ ਪਹਿਲਾਂ ਬਲਬੀਰ ਸਿੰਘ ਸਿੱਧੂ ਨੇ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਸਮੂਹ ਕਰਮਚਾਰੀਆਂ ਵੱਲੋਂ 22ਵੇਂ ਸਲਾਨਾ ਸਮਾਗਮ ਸਮੇਂ ਕਰਵਾਏ ਸੁਖਮਨੀ ਸਾਹਿਬ ਜੀ ਦੇ ਪਾਠ ਦੌਰਾਨ ਸਮੂਹ ਕਰਮਚਾਰੀਆਂ ਤੇ ਚੰਗੀ ਸਿਹਤ ਦੀ ਅਰਦਾਸ ਕੀਤੀ। ਇਸ ਦੌਰਾਨ ਲੰਗਰ ਵੀ ਕਰਵਾਇਆ ਗਿਆ, ਜਿਸ ਵਿੱਚ ਸਿਹਤ ਵਿਭਾਗ, ਪੰਜਾਬ ਦੇ ਸਟੇਟ ਹੈਡਕੁਆਟਰ ਦੇ ਮੁਲਾਜਮਾਂ ਨੇ ਅਰਦਾਸ ਕੀਤੀ। ਇਸ ਦੌਰਾਨ ਅਧਿਕਾਰੀਆਂ ਤੋਂ ਇਲਾਵਾ ਡੀਐਚਐਸ ਯੂਨੀਅਨ ਦੇ ਪ੍ਰਧਾਨ ਸੂਰਜ, ਜਨਰਲ ਸੈਕਟਰੀ ਸੰਦੀਪ ਕੁਮਾਰ ਤੇ ਵਾਈਸ ਪ੍ਰੈਸੀਡੈਂਟ ਨਿਰਮਲ ਦੇਵੀ ਮੌਜੂਦ ਸਨ।

Babita

This news is Content Editor Babita