ਬਹਿਬਲ ਕਲਾਂ ਗੋਲੀ ਕਾਂਡ ਦੀ ਪਹਿਲਾਂ ਮੁਆਫੀ ਮੰਗਦੇ ਫਿਰ ਰੈਲੀ ਕਰਦੇ ਅਕਾਲੀ : ਜਾਖੜ

09/17/2018 8:54:22 AM

ਜਲੰਧਰ (ਧਵਨ)— ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਵਾਰ ਫਿਰ ਅਕਾਲੀਆਂ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਲਈ ਪਹਿਲਾਂ ਅਕਾਲੀਆਂ ਨੂੰ ਮੁਆਫੀ ਮੰਗਣੀ ਚਾਹੀਦੀ ਸੀ ਤੇ ਫਿਰ ਉਨ੍ਹਾਂ ਨੂੰ ਰੈਲੀ ਕਰਨ ਦਾ ਅਧਿਕਾਰ ਸੀ ਪਰ ਅਕਾਲੀ ਲੀਡਰਸ਼ਿਪ ਸੱਤਾ ਤੋਂ ਹਟਣ ਤੋਂ ਬਾਅਦ ਹੰਕਾਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਹੰਕਾਰ ਪੰਚਾਇਤੀ ਚੋਣਾਂ ਤੇ ਉਸ ਤੋਂ ਬਾਅਦ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਜਨਤਾ ਪੂਰੀ ਤਰ੍ਹਾਂ ਤੋੜ ਦੇਵੇਗੀ। ਐਤਵਾਰ ਨੂੰ ਇਥੇ ਗੱਲਬਾਤ ਕਰਦੇ ਹੋਏ ਜਾਖੜ ਨੇ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਲਈ ਅਜੇ ਤੱਕ ਅਕਾਲੀ ਲੀਡਰਸ਼ਿਪ ਨੇ ਮੁਆਫੀ ਨਹੀਂ ਮੰਗੀ ਹੈ, ਇਸ ਤੋਂ ਉਨ੍ਹਾਂ ਦਾ ਹੰਕਾਰ ਝਲਕਦਾ ਹੈ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਕਾਲੀ ਲੀਡਰਸ਼ਿਪ ਬੇਨਕਾਬ ਹੋ ਗਈ ਹੈ ਤੇ ਹੁਣ ਉਨ੍ਹਾਂ ਕੋਲ ਜਨਤਾ ਕੋਲ ਜਾਣ ਦਾ ਕੋਈ ਮੁੱਦਾ ਨਹੀਂ ਬਚਿਆ ਹੈ।

ਜਾਖੜ ਨੇ ਸੁਖਬੀਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਬਾਦਲ ਦਾ ਉਸ ਜਗ੍ਹਾ 'ਤੇ ਜਿਥੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਥੇ ਜਾ ਕੇ ਰੈਲੀ ਤੋਂ ਬਾਅਦ ਛਾਤੀ ਠੋਕਣਾ ਅਕਾਲੀ ਦਲ ਦੇ ਕਫਨ 'ਚ ਆਖਰੀ ਕਿੱਲ ਸਾਬਤ ਹੋਵੇਗਾ। ਉਨ੍ਹਾਂ ਸੁਖਬੀਰ ਨੂੰ ਪੁੱਛਿਆ ਕਿ ਉਹ ਕਿਸ ਗੱਲ ਦਾ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਉਹ ਜਗ੍ਹਾ ਹੈ ਜਿਥੇ ਅਕਾਲੀਆਂ ਦੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਵਾਈਆਂ ਸਨ। ਉਨ੍ਹਾਂ ਕਿਹਾ ਕਿ ਕੀ ਅਕਾਲੀ ਇਨ੍ਹਾਂ ਸਥਾਨਾਂ ਨੂੰ ਕਾਰਗਿਲ ਸਮਝ ਰਹੇ ਹਨ। ਜਾਖ਼ੜ ਨੇ ਕਿਹਾ ਕਿ 2019 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 'ਚ ਜਨਤਾ ਦੱਸ ਦੇਵੇਗੀ ਕਿ ਉਸ ਦੇ ਅੰਦਰ ਅਕਾਲੀ ਦਲ ਨੂੰ ਲੈ ਕੇ ਕਿੰਨਾ ਗੁੱਸਾ ਹੈ। ਉਨ੍ਹਾਂ ਕਿਹਾ ਕਿ ਲੋਕਾਂ 'ਚ ਸਿਰਫ ਗੁੱਸਾ ਹੀ ਨਹੀਂ ਸਗੋਂ ਨਫਰਤ ਦੀ ਭਾਵਨਾ ਵੀ ਪੈਦਾ ਹੋ ਗਈ ਹੈ। ਉਨ੍ਹਾਂ ਸੁਖਬੀਰ ਸਿੰਘ ਇੰਸਾਂ ਤੋਂ ਪੁੱਛਿਆ ਕਿ ਉਹ ਮੁੰਬਈ 'ਚ ਡੇਰਾ ਮੁਖੀ ਨੂੰ ਮਿਲੇ ਸਨ ਜਾਂ ਨਹੀਂ। ਇਸ ਦਾ ਜਵਾਬ ਵੀ ਸੁਖਬੀਰ ਨੇ ਅਜੇ ਤੱਕ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਕਾਲੀਆਂ ਨੂੰ ਕਿਸੇ ਵੀ ਕੀਮਤ 'ਤੇ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਪਹਿਲਾਂ ਹੀ ਪੰਜਾਬ ਨੇ ਲੰਮੇ ਸਮੇਂ ਤੱਕ ਸੰਤਾਪ ਭੋਗਿਆ ਹੈ।

ਜਾਖੜ ਨੇ ਕਿਹਾ ਕਿ ਹੁਣ ਲੋਕਾਂ ਨੂੰ ਅਕਾਲੀ ਗੁੰਮਰਾਹ ਨਹੀਂ ਕਰ ਸਕਦੇ ਕਿਉਂਕਿ ਜਨਤਾ ਨੇ ਪਿਛਲੇ 10 ਸਾਲਾਂ ਤੱਕ ਅਕਾਲੀਆਂ ਦੀ ਲੁੱਟ-ਖਸੁੱਟ ਤੇ ਮਾਫੀਆ ਰਾਜ ਨੂੰ ਦੇਖਿਆ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਨੂੰ ਹਰ ਹਾਲ 'ਚ ਬਰਕਰਾਰ ਰੱਖਣ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ਾਂਤੀ ਦੇ ਮੁੱਦੇ 'ਤੇ ਕੋਈ ਸਮਝੌਤਾ ਕਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਕੈਪਟਨ ਸਰਕਾਰ ਵਲੋਂ ਬਣਾਈ ਜਾ ਰਹੀ ਐੱਸ. ਆਈ. ਟੀ. ਛੇਤੀ ਹੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ।

ਮਹਿੰਗਾਈ 2019 'ਚ ਮੋਦੀ ਸਰਕਾਰ ਦਾ ਤਖਤਾ ਪਲਟ ਦੇਵੇਗੀ—
ਜਾਖੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਕਾਬੂ ਪਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਆਮ ਜਨਤਾ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ ਪਰ ਮੋਦੀ ਤੇ ਵਿੱਤ ਮੰਤਰੀ ਜੇਤਲੀ ਵਾਰ-ਵਾਰ ਇਹ ਬਿਆਨ ਦੇ ਰਹੇ ਹਨ ਕਿ ਉਹ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਦੀ ਕਮੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪੈਟਰੋਲ ਤੇ ਡੀਜ਼ਲ 'ਤੇ ਜੋ ਵੈਟ ਦਰਾਂ ਲਾਗੂ ਹਨ ਉਹ ਪਿਛਲੀ ਬਾਦਲ ਸਰਕਾਰ ਵਲੋਂ ਲਾਗੂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਕਾਰਜਕਾਲ 'ਚ ਤਾਂ ਪੈਟਰੋਲੀਅਮ ਉਤਪਾਦਾਂ 'ਤੇ ਵੈਟ ਦਰਾਂ 'ਚ ਕੋਈ ਕਟੌਤੀ ਕੀਤੀ ਨਹੀਂ, ਹੁਣ ਉਹ ਕਿਸ ਮੂੰਹ ਨਾਲ ਸੂਬਾ ਸਰਕਾਰ ਨੂੰ ਵੈਟ ਦਰਾਂ ਘੱਟ ਕਰਨ ਲਈ ਕਹਿ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਨੂੰ ਪਹਿਲਾਂ ਮੋਦੀ ਸਰਕਾਰ ਕੋਲ ਜਾ ਕੇ ਪੈਟਰੋਲੀਅਮ ਉਤਪਾਦਾਂ 'ਤੇ ਐਕਸਾਈਜ਼ ਡਿਊਟੀ ਘੱਟ ਕਰਨ ਲਈ ਕਹਿਣਾ ਚਾਹੀਦਾ, ਬਾਅਦ 'ਚ ਪੰਜਾਬ ਸਰਕਾਰ ਤੋਂ ਕੋਈ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ 2019 'ਚ ਮੋਦੀ ਸਰਕਾਰ ਨੂੰ ਹਟਾਇਆ ਨਾ ਗਿਆ ਤਾਂ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਜਾਣਗੀਆਂ।