ਬਾਦਲ ਪਰਿਵਾਰ ਨੂੰ ਸਿੱਖ ਧਰਮ ਦੇ ਸਰੋਕਾਰਾਂ ਦੀ ਬਜਾਏ ਕੁਰਸੀ ਦੀ ਚਿੰਤਾ: ਢੀਂਡਸਾ

08/13/2020 5:57:13 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਸ਼੍ਰੋਮਣੀ ਅਕਾਲੀ ਦਲ ਦੀ ਜਿੰਮੇਵਾਰੀ ਸਿੱਖ ਧਰਮ ਦੀ ਸੋਚ ਤੇ ਸਿਧਾਂਤ ਦੀ ਰੱਖਿਆ ਕਰਨਾ ਸੀ, ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੂੰ ਸਿਰਫ ਆਪਣੀ ਕੁਰਸੀ ਦੀ ਚਿੰਤਾ ਹੈ। ਹੁਣ ਵੀ ਜਦ ਚਾਰੇ ਪਾਸੇ ਕਿਸਾਨਾਂ ਵਲੋਂ ਖੇਤੀ ਆਰਡੀਨੈਂਸ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਕੇਂਦਰ ਸਰਕਾਰ ਖਿਲਾਫ਼ ਬੋਲਣ ਦੀ ਬਜਾਏ ਬਾਦਲ ਪਰਿਵਾਰ ਚੁੱਪ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਸਿਆਸਤ ਹੀ ਕੀਤੀ ਨਾ ਕਿ ਸਿੱਖ ਧਰਮ ਦੀ ਰਾਖੀ।

ਇਹ ਵੀ ਪੜ੍ਹੋ: ਘਰਾਂ 'ਚ ਕੰਮ ਕਰਨ ਵਾਲੀ ਮਾਂ ਦੀ ਧੀ ਬਣੀ ਗੋਲਡ ਮੈਡਲਿਸਟ, ਸੁਣੋ ਪੂਰੀ ਦਾਸਤਾਨ

ਪਰਮਿੰਦਰ ਸਿੰਘ ਢੀਂਡਸਾ ਅੱਜ ਜ਼ਿਲ੍ਹੇ ਦੇ ਪਿੰਡ ਲੁਬਾਣਿਆਵਾਲੀ ਵਿਖੇ ਡੇਰਾ ਬਾਬਾ ਦਿਆਲ ਦਾਸ ਵਿਖੇ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਰਾਜਿੰਦਰ ਸਿੰਘ ਦੀ ਅਗਵਾਈ 'ਚ ਰੱਖੀ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਸਨ। ਇਸ ਮੌਕੇ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡ) ਦਾ ਮੁੱਖ ਮਕਸਦ ਸਿੱਖ ਸਿਧਾਂਤਾਂ ਦੀ ਲੀਹ 'ਤੇ ਤੁਰਨਾ ਹੈ ਤੇ ਇਸੇ ਮਕਸਦ ਨਾਲ ਹੀ ਪਾਰਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਖਿਆਲੀ ਪਾਰਟੀਆਂ ਦੀ ਸ਼ਮੂਲੀਅਤ ਲਈ ਪਾਰਟੀ ਦੇ ਬੂਹੇ ਹਮੇਸ਼ਾ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਉਨ੍ਹਾਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜ-ਪੰਜ ਮਹੀਨੇ ਲੋਕਾਂ ਨੂੰ ਨਹੀਂ ਮਿਲਦੇ, ਜਦੋਂਕਿ ਪੰਜਾਬ ਅੰਦਰ ਰੇਤ ਮਾਫ਼ੀਆ, ਸ਼ਰਾਬ ਮਾਫੀਆ ਤੇ ਹੋਰ ਵੀ ਕਈ ਮਾਫ਼ੀਏ ਪ੍ਰਫੁੱਲਿਤ ਹੋ ਰਹੇ ਹਨ, ਪਰ ਸਰਕਾਰ ਹੱਥ 'ਤੇ ਹੱਥ ਧਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਮਾਰਟਫੋਨ ਦੇਣ ਦਾ ਵਾਅਦਾ ਚਾਰ ਸਾਲ ਪਹਿਲਾਂ ਕੀਤਾ ਸੀ, ਜਿਨ੍ਹਾਂ ਨੌਜਵਾਨਾਂ ਨੇ ਸਮਾਰਟਫੋਨ ਲਈ ਰਜਿਸਟਰ ਕੀਤਾ ਸੀ, ਉਹ ਨੌਜਵਾਨ ਤਾਂ ਆਪਣੀ ਪੜ੍ਹਾਈ ਪੂਰੀ ਕਰਕੇ ਇਸ ਦਾਇਰੇ 'ਚੋਂ ਨਿਕਲ ਚੁੱਕੇ ਹਨ, ਇਸ ਲਈ ਸਰਕਾਰ ਫੋਨ ਦੇਣ ਦੇ ਮਾਮਲੇ 'ਚ ਲੇਟ ਹੈ, ਜਦੋਂਕਿ ਸਰਕਾਰ ਨੂੰ ਸਮਾਰਟਫੋਨ ਪਹਿਲਾਂ ਹੀ ਦੇਣੇ ਚਾਹੀਦੇ ਸਨ।

ਇਹ ਵੀ ਪੜ੍ਹੋ: ਪਤਨੀ ਤੋਂ ਲੈਣਾ ਚਾਹੁੰਦਾ ਸੀ ਤਲਾਕ, ਦਬਾਅ ਪਾਉਣ ਲਈ ਕੀਤਾ ਵੱਡਾ ਕਾਰਾ

ਇਸ ਮੌਕੇ ਵੱਖ-ਵੱਖ ਪਾਰਟੀਆਂ ਛੱਡ ਕੇ 7 ਪਰਿਵਾਰ ਸ਼੍ਰੋਅਦ (ਡ) ਸ਼ਾਮਲ ਹੋਏ। ਇਸ ਦੌਰਾਨ ਜ਼ਿਲ੍ਹਾ ਇੰਚਾਰਜ ਰਜਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਦੀ ਘਟਨਾ ਦਾ ਅਕਾਲੀ ਦਲ ਬਾਦਲ ਵਲੋਂ ਵਿਰੋਧ ਕਰਨਾ ਡਰਾਮਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਅਕਾਲੀ ਸਰਕਾਰ ਵੇਲੇ ਹੀ ਵਾਪਰੇ ਸਨ, ਜਿਨ੍ਹਾਂ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਇਸ ਮੌਕੇ ਬਲਤੇਜ ਸਿੰਘ ਸਾਬਕਾ ਸਰਪੰਚ ਵੰਗਲ, ਬੁੱਗਰ ਸਿੰਘ ਸੀਰਵਾਲੀ, ਸ਼ਵਿੰਦਰ ਸਿੰਘ ਵੰਗਲ, ਗੁਰਚਰਨ ਸਿੰਘ, ਸੁਖਦੇਵ ਸਿੰਘ ਮੈਂਬਰ ਵੰਗਲ, ਬਖਸ਼ੀਸ਼ ਸਿੰਘ ਸੱਕਾਂਵਾਲੀ, ਗੁਰਲਾਲ ਸਿੰਘ, ਪ੍ਰਕਾਸ਼ ਸਿੰਘ ਸ਼ੱਕਾਂਵਾਲੀ, ਅਮਰਜੀਤ ਸਿੰਘ, ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ।

Shyna

This news is Content Editor Shyna