ਕਾਂਗਰਸ ਦੇ ਰਾਜ ''ਚ ਬਾਦਲਾਂ ਦੀ ''ਤੂਤੀ'', ਮੰਤਰੀ ਡਾਹਢੇ ਹੈਰਾਨ

03/16/2018 11:28:56 AM

ਚੰਡੀਗੜ੍ਹ : ਪੰਜਾਬ 'ਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਵੀ ਹਰ ਪਾਸੇ 'ਬਾਦਲਾਂ' ਦੀ ਤੂਤੀ ਬੋਲ ਰਹੀ ਹੈ, ਜਿਸ ਕਾਰਨ ਕੈਪਟਨ ਵਜ਼ਾਰਤ ਦੇ ਮੰਤਰੀ ਡਾਹਢੇ ਹੈਰਾਨ-ਪਰੇਸ਼ਾਨ ਹਨ ਅਤੇ ਇਨ੍ਹਾਂ ਮੰਤਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਜੇਕਰ ਹਾਲਾਤ ਇਹੀ ਰਹੇ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ। ਕੈਪਟਨ ਦੇ ਮੰਤਰੀਆਂ ਵਿਚਕਾਰ ਬਾਦਲਾਂ ਪ੍ਰਤੀ ਗੁੱਸਾ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਦਿਖਾਈ ਦਿੱਤਾ। 
ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਇਸ ਮੀਟਿੰਗ ਦੌਰਾਨ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਸੱਤਾ ਖਤਮ ਹੋਣ ਤੋਂ ਬਾਅਦ ਕਾਂਗਰਸ ਦੇ ਰਾਜ 'ਚ ਵੀ ਉਨ੍ਹਾਂ ਦਾ ਕਾਰੋਬਾਰ ਦਿਨ-ਦੁੱਗਣੀ ਰਾਤ-ਚੁੱਗਣੀ ਤਰੱਕੀ ਕਰ ਰਿਹਾ ਹੈ ਅਤੇ ਸਿਵਲ ਅਤੇ ਪੁਲਸ ਪ੍ਰਸ਼ਾਸਨ 'ਤੇ ਵੀ ਬਾਦਲਾਂ ਦਾ ਪੂਰਾ ਦਬਦਬਾ ਹੈ, ਜੋ ਕਿ ਬਿਲਕੁਲ ਗਲਤ ਹੈ। ਜਿੱਥੇ ਇਸ ਮੀਟਿੰਗ ਦੌਰਾਨ ਨਵਜੋਤ ਸਿੱਧੂ ਨੇ ਬਾਦਲਾਂ ਦੇ ਬੱਸਾਂ ਦੇ ਕਾਰੋਬਾਰ ਦਾ ਮੁੱਦਾ ਚੁੱਕਿਆ, ਉੱਥੇ ਹੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਸਿਰਫ ਲੰਬੀ ਵਿਧਾਨ ਸਭਾ ਹਲਕੇ ਤੋਂ ਹੀ ਅਕਾਲੀ ਦਲ ਦੇ ਉਮੀਦਵਾਰ ਦੀ ਲੀਡ 70 ਹਜ਼ਾਰ ਵੋਟਾਂ ਤੱਕ ਹੋ ਸਕਦੀ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੇ ਵੀ ਮਨਪ੍ਰੀਤ ਬਾਦਲ ਦੀ ਇਸ ਗੱਲ 'ਚ ਹਾਂ ਨਾਲ ਹਾਂ ਮਿਲਾਈ। 
ਨਵਜੋਤ ਸਿੱਧੂ ਨੇ ਖਾਸ ਤੌਰ 'ਤੇ ਮੁੱਖ ਮੰਤਰੀ ਨੂੰ ਦੱਸਿਆ ਕਿ ਜਿਸ ਤਰ੍ਹਾਂ ਲੁਧਿਆਣਾ 'ਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਾਦਲਾਂ ਦੀਆਂ ਬੱਸਾਂ ਦਾ ਬੋਲਬਾਲਾ ਹੋਣ ਦਾ ਮੁੱਦਾ ਸੋਸ਼ਲ ਮੀਡੀਆ 'ਤੇ ਚੁੱਕਿਆ ਹੈ, ਇਸ ਨਾਲ ਸਰਕਾਰ ਦੇ ਵੱਕਾਰ ਨੂੰ ਸੱਟ ਵੱਜੀ ਹੈ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਅੱਗੇ-ਪਿੱਛੇ ਵੀ ਜਿਪਸੀਆਂ ਘੁੰਮਦੀਆਂ ਹਨ ਅਤੇ ਅੱਜ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਤਿੰਨਾਂ ਮੰਤਰੀਆਂ ਦੀਆਂ ਗੱਲਾਂ ਨੂੰ ਤਾਂ ਬੜੇ ਧਿਆਨ ਨਾਲ ਸੁਣ ਲਿਆ ਪਰ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ, ਜਿਸ ਤੋਂ ਬਾਅਦ ਮੰਤਰੀਆਂ 'ਚ ਕਾਫੀ ਹੈਰਾਨੀ ਪਾਈ ਜਾ ਰਹੀ ਹੈ ਕਿ ਸਭ ਕੁੱਝ ਦੱਸਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਕੋਈ ਕਦਮ ਕਿਉਂ ਨਹੀਂ ਚੁੱਕ ਰਹੇ।