ਬਾਦਲ ਸਿਰਫ ਲੰਬੀ ਨੂੰ ਆਪਣਾ ਘਰ ਮੰਨਦੇ ਹਨ, ਬਾਕੀ ਪੰਜਾਬ ਦੀ ਉਨ੍ਹਾਂ ਨੂੰ ਫਿਕਰ ਨਹੀਂ : ਅਮਰਿੰਦਰ

09/19/2018 8:26:19 AM

ਜਲੰਧਰ (ਧਵਨ)—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਵਲੋਂ ਸਿਰਫ ਲੰਬੀ ਦੇ ਵਿਕਾਸ ਲਈ ਤੋਹਫਿਆਂ ਦੀ ਪੰਜਾਬ ਕੋਲੋਂ ਮੰਗ ਕਰ ਕੇ ਆਪਣੇ ਨਿੱਜੀ ਸੁਆਰਥਾਂ ਨੂੰ ਦੁਬਾਰਾ ਉਜਾਗਰ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਬਾਕੀ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਲੰਬੀ ਵਿਚ ਰੈਲੀ ਕਰਨ ਦੇ ਐਲਾਨ ਤੋਂ ਬਾਅਦ ਬਾਦਲਾਂ ਨੇ ਕਿਹਾ ਸੀ ਕਿ ਕੈਪਟਨ ਲੰਬੀ ਲਈ ਤੋਹਫਿਆਂ ਰੂਪੀ ਗ੍ਰਾਂਟਾਂ ਦਾ ਐਲਾਨ ਕਰਨ ਤੋਂ ਬਾਅਦ ਹੀ ਲੰਬੀ ਵਿਚ ਰੈਲੀ ਕਰਨ।


ਮੁੱਖ ਮੰਤਰੀ ਨੇ ਬਾਦਲ ਦੇ ਇਸ ਬਿਆਨ ਦੇ ਜਵਾਬ ਵਿਚ ਕਿਹਾ ਕਿ ਬਾਦਲ ਨੇ 10 ਸਾਲਾਂ ਤੱਕ ਮੁੱਖ ਮੰਤਰੀ ਹੁੰਦਿਆਂ ਇਹ ਗੱਲ ਕਦੀ ਵੀ ਆਪਣੇ ਧਿਆਨ ਵਿਚ ਨਹੀਂ ਰੱਖੀ ਕਿ ਉਹ ਸਿਰਫ ਲੰਬੀ ਦੇ ਹੀ ਨਹੀਂ  ਸਗੋਂ ਪੂਰੇ ਪੰਜਾਬ ਦੇ ਮੁੱਖ ਮੰਤਰੀ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸਿਰਫ ਲੰਬੀ ਨੂੰ ਆਪਣਾ ਵਿਧਾਨ ਸਭਾ ਖੇਤਰ ਮੰਨਦੇ ਹਨ। ਇਸ ਨਾਲ ਬਾਦਲ ਦੀ ਨਿੱਜੀ ਲਾਲਸਾ ਵੀ ਜਗ ਜ਼ਾਹਿਰ ਹੋ ਜਾਂਦੀ ਹੈ ਅਤੇ ਇਹ ਵੀ ਪਤਾ ਲੱਗਦਾ ਹੈ ਕਿ ਬਾਦਲ ਨੇ 10 ਸਾਲਾਂ ਵਿਚ ਲੰਬੀ ਨੂੰ ਛੱਡ ਕੇ ਬਾਕੀ ਪੰਜਾਬ ਦੇ ਵਿਕਾਸ ਵਲ ਧਿਆਨ ਨਹੀਂ ਦਿੱਤਾ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਵਿਚ ਬਾਦਲ ਨੇ ਸਰਕਾਰ ਕੋਲੋਂ ਪੰਜਾਬ ਦੇ ਕਿਸੇ ਵੀ ਹੋਰ ਖੇਤਰ ਲਈ ਗ੍ਰਾਂਟਾਂ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਲੰਬੀ ਵਿਚ ਜਾਣਗੇ ਅਤੇ ਉਸ ਖੇਤਰ ਵਿਚ ਵੀ ਵਿਕਾਸ ਸਬੰਧੀ ਮੰਗਾਂ ਨੂੰ ਪੂਰਾ ਕਰਨਗੇ ਪਰ ਉਨ੍ਹਾਂ ਦਾ ਧਿਆਨ ਸਿਰਫ ਲੰਬੀ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਉਹ ਪੂਰੇ ਪੰਜਾਬ ਦਾ ਵਿਕਾਸ ਚਾਹੁੰਦੇ ਹਨ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ 117 ਫੈਸਲੇ ਲਏ ਸਨ, ਜੋ ਕਾਂਗਰਸ ਚੋਣ ਐਲਾਨ ਪੱਤਰ ਦਾ ਹਿੱਸਾ ਸਨ। ਇਨ੍ਹਾਂ ਵਿਚੋਂ 70 ਫੈਸਲਿਆਂ ਨੂੰ ਲਾਗੂ ਕਰ ਦਿੱਤਾ ਗਿਆ, ਜਦੋਂਕਿ 11 ਫੈਸਲਿਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਬਾਦਲ ਕੋਲੋਂ ਪੁੱਛਿਆ ਕਿ 2012 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਕਿੰਨੇ ਚੋਣ ਵਾਅਦੇ ਪੂਰੇ ਕੀਤੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 3 ਲੱਖ ਕਿਸਾਨਾਂ ਦੇ 1735 ਕਰੋੜ ਰੁਪਏ ਹੁਣ ਤੱਕ ਮੁਆਫ ਕਰ ਦਿੱਤੇ ਹਨ। ਜਲਦੀ ਹੀ ਛੋਟੇ ਕਿਸਾਨਾਂ ਲਈ 314 ਕਰੋੜ ਰੁਪਏ ਹੋਰ ਰਿਲੀਜ਼ ਕੀਤੇ ਜਾ ਰਹੇ ਹਨ। 


ਸੰਪਰਕ ਸੜਕਾਂ ਦੀ ਮੁਰੰਮਤ ਲਈ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕੀਤੀ-
ਮੁੱਖ ਮੰਤਰੀ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਪਹਿਲੇ ਸਾਲ ਸੰਪਰਕ ਸੜਕਾਂ ਦੀ ਮੁਰੰਮਤ ਲਈ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਤਹਿਤ 16 ਹਜ਼ਾਰ ਕਿਲੋਮੀਟਰ ਸੜਕਾਂ ਦੀ ਮੁਰੰਮਤ ਲਈ 2000 ਕਰੋੜ ਰੁਪਏ ਰੱਖੇ ਗਏ। ਪਹਿਲੀ ਵਾਰ ਕਾਂਗਰਸ ਸਰਕਾਰ ਨੇ ਰੋਜ਼ਗਾਰ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਦਿਆਂ ਹਰੇਕ ਘਰ ਵਿਚ ਇਕ ਮੈਂਬਰ ਨੂੰ  ਰੋਜ਼ਗਾਰ ਮੁਹੱਈਆ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਹੁਣ ਤੱਕ 2 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਜਲਦੀ ਹੀ ਉਦਯੋਗਿਕ ਨਿਵੇਸ਼ ਵਧਾ ਕੇ 95 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।