ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ, ਬੱਬੀ ਬਾਦਲ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ

03/14/2019 1:19:45 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਸੁਖਬੀਰ ਬਾਦਲ ਦੀ ਸੱਜੀ ਬਾਂਹ ਕਹੇ ਜਾਂਦੇ ਬੱਬੀ ਬਾਦਲ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ ਹੋ ਗਏ। ਇਸ ਮੌਕੇ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਉਨ੍ਹਾਂ 'ਤੇ ਗੰਭੀਰ ਦੋਸ਼ ਲਾਏ ਹਨ। ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਦਾ ਗਠਨ 1920 'ਚ ਹੋਇਆ ਸੀ ਅਤੇ ਇਸ ਪਾਰਟੀ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ ਪਰ ਜਦੋਂ ਤੋਂ ਸੁਖਬੀਰ ਬਾਦਲ ਇਸ ਦੇ ਪ੍ਰਧਾਨ ਬਣੇ, ਉਸ ਸਮੇਂ ਤੋਂ ਉਨ੍ਹਾਂ ਨੇ ਪਾਰਟੀ ਦਾ ਸੱਤਿਆਨਾਸ਼ ਮਾਰ ਕੇ ਰੱਖ ਦਿੱਤਾ ਅਤੇ ਪਾਰਟੀ ਦਾ ਪੂਰੀ ਤਰ੍ਹਾਂ ਬੇੜਾ ਗਰਕ ਕਰ ਦਿੱਤਾ।
ਬ੍ਰਹਮਪੁਰਾ ਨੇ ਕਿਹਾ ਕਿ ਆਪਣੀਆਂ ਚੋਣ ਰੈਲੀਆਂ ਦੌਰਾਨ ਸੁਖਬੀਰ ਨੇ ਗੁਰੂ ਘਰ ਦੇ ਲੰਗਰ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਗਰੀਬਾਂ ਕੋਲੋਂ ਲੰਗਰ ਖੋਹ ਕੇ ਸੁਖਬੀਰ ਅਜਿਹੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਬੀਬੀ ਜਗੀਰ ਕੌਰ ਦੀ ਮੌਜੂਦਗੀ 'ਚ ਖੁੱਲ੍ਹੇਆਮ ਸ਼ਰਾਬ ਵੀ ਚੱਲੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਾਰਨ ਹੀ ਸੁਖਬੀਰ ਨੇ ਸਿੱਖੀ ਦਾ ਘਾਣ ਕਰ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਗੁਰੂ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ ਹੈ ਅਤੇ ਸੁਖਬੀਰ ਨੂੰ ਆਪਣੇ ਕੀਤੇ ਗੁਨਾਹਾਂ ਦੀ ਸਜ਼ਾ ਇਕ ਦਿਨ ਜ਼ਰੂਰ ਮਿਲੇਗੀ। ਇਸ ਦੌਰਾਨ ਬ੍ਰਹਮਪੁਰਾ ਵਲੋਂ ਬੱਬੀ ਬਾਦਲ ਨੂੰ ਵੀ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ ਕੀਤਾ ਗਿਆ। 
 

Babita

This news is Content Editor Babita