ਨਵਾਂਸ਼ਹਿਰ ਪੁਲਸ ਵੱਲੋਂ ਪਾਕਿਸਤਾਨੀ ਕਰੰਸੀ ਸਮੇਤ ਬੱਬਰ ਖਾਲਸਾ ਦੇ ਦੋ ਸ਼ੱਕੀ ਕਾਬੂ

05/04/2019 6:57:12 PM

ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ, ਜੋਬਨ)—ਨਵਾਂਸ਼ਹਿਰ ਦੀ ਪੁਲਸ ਨੇ ਬੱਬਰ ਖਾਲਸਾ ਦੇ ਨੈੱਟਵਰਕ ਨੂੰ ਤੋੜਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਬੱਬਰ ਖਾਲਸਾ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿ੍ਰਫਤਾਰ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਦੇ ਕੋਲੋਂ ਇਕ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਸ ਨੇ ਮੁਲਜ਼ਮਾਂ ਤੋਂ 15 ਪਾਸਪੋਰਟ ਵੀ ਬਰਾਮਦ ਕੀਤੇ। ਇਸ ਦੇ ਨਾਲ ਹੀ15 ਹਜ਼ਾਰ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਪੁਲਸ ਨੇ ਪੰਜਾਬ 'ਚ ਬੱਬਰ ਖਾਲਸਾ ਦੇ ਨੈਟਵਰਕ ਨੂੰ ਤੋੜਨ ਦਾ ਵੀ ਦਾਵਾ ਕੀਤਾ ਹੈ।
ਐੱਸ. ਪੀ. (ਡੀ) ਵਜ਼ੀਰ ਸਿੰਘ ਨੇ ਦੱਸਿਆ ਕਿ ਬਲਾਚੌਰ ਪੁਲਸ ਨੇ 7 ਫਰਵਰੀ ਨੂੰ ਚਾਰ ਲੋਕਾਂ ਖਿਲਾਫ ਆਨਲਾਅਫੁਲ ਐਕਟੀਵਿਟੀਜ (ਪਰੀਵੈਨਸ਼ਨ ) ਅਤੇ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਪੁੱਛਗਿੱਛ ਦੌਰਾਨ ਮਾਮਲੇ 'ਚ ਨਾਮਜ਼ਦ ਵੀ. ਕੇ. ਆਈ. ਨਾਲ ਸਬੰਧਤ ਗੁਰਦੀਪ ਸਿੰਘ ਫਰਉ ਛੋਟਾ ਕੁਤਰਾ ਨੇ ਦੱਸਿਆ ਕਿ ਵਿਦੇਸ਼ 'ਚ ਰਹਿੰਦੇ ਉਨ੍ਹਾਂ ਦੋ ਦੋਸਤਾਂ ਨੇ ਮੋਬਾਇਲ 'ਤੇ ਦੱਸਿਆ ਕਿ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ ਉਸ ਨਾਲ ਮੋਬਾਇਲ ਅਤੇ ਗੱਲ ਕਰੇਗਾ, ਜਿਸ 'ਤੇ ਅਰਵਿੰਦਰ ਸਿੰਘ ਨੇ ਉਸ ਨੂੰ ਸਿੱਖ ਪੰਥ ਦੀ ਚੜ੍ਹਦੀ ਕਲਾਂ ਦੇ ਲਈ ਕੰਮ ਕਰਨ ਨੂੰ ਕਿਹਾ। ਐੱਸ. ਪੀ. ਵਜ਼ੀਰ ਸਿੰਘ ਨੇ ਦੱਸਿਆ ਕਿ ਪਿੰਡ ਬਛੋੜੀ ਅਤੇ ਸੜੋਆ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੇ ਵਾਲਿਆਂ ਨੂੰ ਸੋਧਣ ਦੀ ਹਿਦਾਇਤ ਦਿੱਤੀ ਗਈ। ਜਿਸ ਦੇ ਲਈ ਉਨ੍ਹਾਂ ਪੈਸੇ ਅਤੇ ਹਥਿਆਰ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ ਗਿਆ। ਕੁਝ ਦਿਨ ਬਾਅਦ ਅਰਵਿੰਦਰ ਸਿੰਘ ਨੇ ਵੈਟਸਐਪ 'ਤੇ ਕਾਲ ਕਰਕੇ ਉਸ ਨੂੰ ਦੱਸਿਆ ਕਿ ਦਿੱਲੀ ਤੋਂ ਇਕ ਵਿਆਕਤੀ ਉਨ੍ਹਾਂ ਨੂੰ ਪੈਸੇ ਦੇਵੇਗਾ। ਇਸ 'ਤੇ ਦਿੱਲੀ ਤੋਂ ਇਕ ਵਿਆਕਤੀ ਨੇ 1 ਲੱਖ 80 ਹਜ਼ਾਰ ਰੁਪਏ ਦਿੱਤੇ, ਜਿਸ ਨਾਲ ਉਨ੍ਹਾਂ ਨੇ ਹਥਿਆਰ ਖਰੀਦ ਲਏ। 

ਐੱਸ. ਪੀ. ਵਜ਼ੀਰ ਸਿੰਘ ਨੇ ਦੱਸਿਆ ਕਿ ਇਸੇ ਮਾਮਲੇ 'ਚ ਨਾਮਜ਼ਦ ਜਸਪ੍ਰੀਤ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਦੂਰ ਸੀ, ਜਿਸ ਨੂੰ ਪੁਲਸ ਨੇ ਸ਼ੁਕਰਵਾਰ ਨੂੰ ਪਿੰਡ ਰੁੜਕੀ ਮੁਗਲਾ ਤੋਂ ਗਿਰਫਤਾਰ ਕਰ ਲਿਆ। ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਇਕ 32 ਬੋਰ ਦੀ ਪਿਸਤੌਲ, 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਜਿਨ੍ਹਾਂ ਤੋਂ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਉਹ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ ਦੇ ਕਹਿਣ 'ਤੇ ਦਿੱਲੀ ਦੇ ਮੁਹੰਮਦ ਸ਼ਰੀਫ ਨਾਮ ਦੇ ਵਿਆਕਤੀ ਤੋਂ ਪੈਸੇ ਲੈ ਕੇ ਉਕਤ ਹਥਿਆਰ ਲਿਆਇਆ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦਿੱਲੀ ਤੋਂ ਮੁਹੰਮਦ ਸਰੀਫ ਨੂੰ ਵੀ ਗਿਰਫਤਾਰ ਕਰ ਲਿਆ, ਜਿਸ ਦੇ ਕੋਲੋ ਪਾਕਿਸਤਾਨ ਨਾਲ ਵਪਾਰ ਕਰਨ ਵਾਲੇ 15 ਲੋਕਾਂ ਦੇ ਪਾਸਪੋਰਟ ਅਤੇ ਪਾਕਿਸਤਾਨੀ ਕਰੰਸੀ ਬਰਾਮਦ ਹੋਈ। 

ਮੁਹੰਮਦ ਸ਼ਰੀਫ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕੱਪੜੇ ਅਤੇ ਹੋਰ ਵਪਾਰ ਦੇ ਸਬੰਧ 'ਚ ਪਾਕਿਸਤਾਨ ਆਉਂਦਾ ਜਾਂਦਾ ਰਹਿੰਦਾ ਹੈ। ਉਸ ਦੇ ਕਈ ਰਿਸ਼ਤੇਦਾਰ ਵੀ ਪਾਕਿਸਤਾਨ 'ਚ ਰਹਿੰਦੇ ਹਨ। ਜਿਨ੍ਹਾਂ ਨਾਲ ਮਿਲ ਕੇ ਉਹ ਵਪਾਰ ਕਰਦਾ ਹੈ। ਮੁਹੰਮਦ ਸ਼ਰੀਫ ਨੇ ਜਾਂਚ ਦੇ ਦੌਰਾਨ ਦੱਸਿਆ ਕਿ ਉਸ ਨੇ ਇਕ ਲੱਖ 65 ਹਜ਼ਾਰ ਰੁਪਏ ਲਾਹੌਰ ਨਿਵਾਸੀ ਆਪਣੇ ਇਕ ਰਿਸ਼ਤੇਦਾਰ ਹਾਜੀ ਇਕਬਾਲ ਦੇ ਕਹਿਣ 'ਤੇ ਜਸਪ੍ਰੀਤ ਨੂੰ ਦਿੱਤੇ ਸਨ। ਐੱਸ. ਪੀ. ਵਜ਼ੀਰ ਸਿੰਘ ਦਾ ਕਹਿਣਾ ਹੈ ਕਿ ਨਵਾਂਸ਼ਹਿਰ ਪੁਲਸ ਨੇ ਸਮੇਂ ਰਹਿੰਦੇ ਹੋਏ ਮੁਲਜ਼ਮਾਂ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾ ਬੱਬਰ ਖਾਲਸਾ ਦੇ ਨੈਟਵਰਕ ਨੂੰ ਤਬਾਹ ਕਰਦੇ ਹੋਏ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੇ ਸੰਭਾਵਨਾ ਹੈ। ਇਸ ਮੌਕੇ 'ਤੇ ਉਨਾ ਦੇ ਨਾਲ ਡੀ. ਐੱਸ. ਪੀ. ਡੀ. ਪਰਮਜੀਤ ਸਿੰਘ, ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਅਜੀਤਪਾਲ ਸਿੰਘ ਵੀ ਮੌਜੂਦ ਸੀ।
 

shivani attri

This news is Content Editor shivani attri