ਫੀਸਾਂ ਵੱਧ ਲੈਣ ਕਾਰਨ ਨਹੀਂ ਭਰ ਸਕੀਆਂ ਮੈਡੀਕਲ ਪੋਸਟ ਗ੍ਰੈਜੂਏਟ ਦੀਆਂ ਸੀਟਾਂ

04/05/2018 6:58:48 AM

ਫ਼ਰੀਦਕੋਟ (ਹਾਲੀ) - ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਿਜ਼ ਵੱਲੋਂ ਪੰਜਾਬ ਵਿਚ 7 ਸਰਕਾਰੀ ਅਤੇ ਗੈਰ-ਸਰਕਾਰੀ ਮੈਡੀਕਲ ਕਾਲਜਾਂ ਵਿਚ ਐੱਮ. ਡੀ. ਦੀਆਂ 420 ਸੀਟਾਂ ਲਈ ਕਾਊਂਸਲਿੰਗ ਹੋਈ, ਜਿਸ 'ਚ ਪੰਜਾਬ ਅਤੇ ਇਸ ਦੇ ਬਾਹਰ ਦੇ ਸੂਬਿਆਂ ਤੋਂ ਵੱਡੀ ਗਿਣਤੀ 'ਚ ਬਿਨੈਕਾਰ ਮੈਡੀਕਲ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖਲਾ ਲੈਣ ਲਈ ਪਹੁੰਚੇ ਪਰ ਕਾਊਂਸਲਿੰਗ ਦੌਰਾਨ ਕਾਲਜਾਂ ਦੀਆਂ ਸਿਰਫ 175 ਸੀਟਾਂ ਹੀ ਭਰ ਸਕੀਆਂ। ਇਨ੍ਹਾਂ ਵਿਚ ਨਿੱਜੀ ਮੈਡੀਕਲ ਕਾਲਜਾਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਆਦੇਸ਼ ਮੈਡੀਕਲ ਕਾਲਜ, ਬਠਿੰਡਾ ਦੀਆਂ ਵੱਧ ਫੀਸਾਂ ਹੋਣ ਕਾਰਨ ਇਨ੍ਹਾਂ ਦੀਆਂ ਸਿਰਫ 22 ਸੀਟਾਂ ਹੀ ਭਰ ਸਕੀਆਂ।  ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਕਾਲਜਾਂ 'ਚ 109 ਸੀਟਾਂ ਖਾਲੀ ਸਨ ਅਤੇ ਪੰਜਾਬ ਸਰਕਾਰ ਵੱਲੋਂ 3 ਸਾਲਾ ਐੱਮ. ਡੀ. ਕੋਰਸਾਂ ਲਈ ਸਰਕਾਰੀ ਕਾਲਜਾਂ ਵਿਚ ਸਾਢੇ 4 ਲੱਖ ਅਤੇ ਪ੍ਰਾਈਵੇਟ ਕਾਲਜਾਂ ਲਈ 19 ਲੱਖ ਰੁਪਏ ਫੀਸ ਨਿਰਧਾਰਿਤ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਆਦੇਸ਼ ਮੈਡੀਕਲ ਕਾਲਜ ਵੱਲੋਂ ਇਸ ਕੋਰਸ ਲਈ 49 ਲੱਖ ਰੁਪਏ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲੋਂ 36 ਲੱਖ ਰੁਪਏ ਫੀਸ ਰੱਖੀ ਗਈ ਹੈ। ਇਸ ਕਰ ਕੇ ਇਨ੍ਹਾਂ ਕਾਲਜਾਂ ਵੱਲ ਬਿਨੈਕਾਰਾਂ ਦਾ ਰੁਝਾਨ ਘੱਟ ਵੇਖਣ ਨੂੰ ਮਿਲਿਆ। ਕਾਊਂਸਲਿੰਗ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਸਰਕਾਰੀ ਕਾਲਜ, ਫਰੀਦਕੋਟ ਵਿਚ 31, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ 'ਚ 40 ਅਤੇ ਗੌਰਮਿੰਟ ਕਾਲਜ ਆਫ ਮੈਡੀਕਲ ਪਟਿਆਲਾ ਦੀਆਂ 37 ਸੀਟਾਂ ਭਰੀਆਂ ਗਈਆਂ ਹਨ, ਜਦਕਿ ਡੀ. ਐੱਮ. ਸੀ. ਲੁਧਿਆਣਾ 26 ਅਤੇ ਸੀ. ਐੱਮ. ਸੀ. ਲੁਧਿਆਣਾ ਦੀਆਂ 17 ਸੀਟਾਂ ਭਰੀਆਂ। ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਨੇ ਕਿਹਾ ਕਿ ਐੱਮ. ਡੀ. ਦੀਆਂ ਸਮੁੱਚੀਆਂ ਸੀਟਾਂ ਪੰਜਾਬ ਸਰਕਾਰ ਦੀਆਂ ਨਿਰਧਾਰਿਤ ਫੀਸਾਂ 'ਤੇ ਆਧਾਰਿਤ ਨੋਟੀਫਿਕੇਸ਼ਨ ਮੁਤਾਬਕ ਹੀ ਭਰੀਆਂ ਜਾਣਗੀਆਂ। ਦੂਜੇ ਪਾਸੇ ਆਦੇਸ਼ ਮੈਡੀਕਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਲਿਜਾਇਆ ਗਿਆ ਹੈ। ਉਨ੍ਹਾਂ ਮੁਤਾਬਕ ਆਦੇਸ਼ ਯੂਨੀਵਰਸਿਟੀ ਇਕ ਖੁਦਮੁਖਤਿਆਰ ਅਦਾਰਾ ਹੈ, ਜਿਸ ਵਿਚ ਸਰਕਾਰ ਗੈਰ-ਵਾਜਿਬ ਦਖਲ-ਅੰਦਾਜ਼ੀ ਕਰ ਰਹੀ ਹੈ।