ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ ਸੂਫ਼ੀਆਨਾ ਰੰਗ ਬਿਖੇਰਦਾ ਸਮਾਪਤ

09/24/2017 8:06:20 AM

ਫਰੀਦਕੋਟ  (ਹਾਲੀ) - 19 ਸਤੰਬਰ ਤੋਂ ਸ਼ੁਰੂ ਹੋਇਆ ਪੰਜ ਰੋਜ਼ਾ ਬਾਬਾ ਫਰੀਦ ਆਗਮਨ ਪੁਰਬ ਅੱਜ ਵਿਸ਼ਾਲ ਨਗਰ ਕੀਰਤਨ ਉਪਰੰਤ ਸੂਫ਼ੀਆਨਾ ਰੰਗ ਬਿਖੇਰਦਾ ਤੇ ਸ਼ਰਧਾਲੂਆਂ ਨੂੰ ਗੁਰਬਾਣੀ ਦੇ ਰੰਗ ਵਿਚ ਰੰਗਦਾ ਸਮਾਪਤ ਹੋ ਗਿਆ। ਇਹ ਨਗਰ ਕੀਰਤਨ ਟਿੱਲਾ ਬਾਬਾ ਫਰੀਦ ਤੋਂ ਸ਼ੁਰੂ ਹੋਇਆ ਅਤੇ ਪੰਜ ਘੰਟਿਆਂ 'ਚ ਗੁਰਦੁਆਰਾ ਗੋਦੜੀ ਸਾਹਿਬ ਪਹੁੰਚਿਆ, ਜਿਸ ਵਿਚ ਪੰਜਾਬ ਭਰ 'ਚੋਂ ਧਾਰਮਿਕ, ਸਮਾਜਿਕ ਅਤੇ ਖੇਡ ਸੰਸਥਾਵਾਂ ਸਮੇਤ ਲੱਖਾਂ ਸੰਗਤਾਂ ਨੇ ਹਿੱਸਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏੇ ਇਸ ਨਗਰ ਕੀਰਤਨ ਵਿਚ ਐੱਨ. ਸੀ. ਸੀ. ਅਤੇ ਵੱਖ-ਵੱਖ ਸਕੂਲਾਂ ਦੀਆਂ ਬੈਂਡ ਟੀਮਾਂ ਨੇ ਹਿੱਸਾ ਲਿਆ। ਟਿੱਲਾ ਬਾਬਾ ਫਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ 4 ਕਿਲੋਮੀਟਰ ਦਾ ਰਸਤਾ ਸੰਗਤਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਲੋਕ ਫ਼ੁੱਲਾਂ ਨਾਲ ਸਜਾਈ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨਾਲ ਗੁਰੂ ਜਸ ਗਾਉਂਦੇ ਚੱਲ ਰਹੇ ਸਨ। ਅੱਗੇ-ਅੱਗੇ ਸ਼ਰਧਾਲੂ ਸੜਕ ਨੂੰ ਸਾਫ਼ ਕਰਦੇ ਅਤੇ ਲੋਕਾਂ 'ਤੇ ਇੱਤਰ ਛਿੜਕਦੇ ਹੋਏ ਜਾ ਰਹੇ ਸਨ। ਰਸਤੇ ਵਿਚ ਲੋਕਾਂ ਨੇ ਸ਼ਰਧਾਲੂਆਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਹੋਏ ਸਨ। ਨਗਰ ਕੀਰਤਨ ਵਿਚ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਸਜਾਈ ਹੋਈ ਖੁੱਲ੍ਹੀ ਗੱਡੀ ਵਿਚ ਬੈਠ ਕੇ ਸ਼ਾਮਲ ਹੋਈਆਂ। ਗੁਰਦੁਆਰਾ ਗੋਦੜੀ ਸਾਹਿਬ ਵਿਖੇ ਬਣਾਏ ਗਏ ਸਰੋਵਰ ਵਿਚ ਇਸ਼ਨਾਨ ਕਰਨ ਲਈ ਸੰਗਤਾਂ ਸਵੇਰੇ 4 ਵਜੇ ਤੋਂ ਹੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ, ਜੋ ਕਿ ਨਗਰ ਕੀਰਤਨ ਦੇ ਸਵਾਗਤ ਲਈ ਗੁਰਦੁਆਰਾ ਸਾਹਿਬ 'ਚ ਮੌਜੂਦ ਰਹੀਆਂ।
ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਮਾਗਮ ਦੌਰਾਨ ਮੁੱਖ ਮਹਿਮਾਨ ਬੀਬੀ ਇੰਦਰਜੀਤ ਕੌਰ ਮੁੱਖ ਸੇਵਾਦਾਰ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ, ਮਹੰਤ ਕਾਹਨ ਸਿੰਘ ਜੀ ਸੇਵਾ ਪੰਥੀ ਸੰਪਰਦਾਇ ਤੇ ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਤੇ ਮੌਜੂਦਾ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਨਵਜੋਤ ਸਿੰਘ ਸਿੱਧੂ ਨੂੰ ਈਮਾਨਦਾਰੀ ਐਵਾਰਡ ਤੇ ਪਰਮਜੀਤ ਸਿੰਘ ਨਾਭਾ ਨੂੰ ਭਗਤ ਪੂਰਨ ਸਿੰਘ ਐਵਾਰਡ ਆਫ਼ ਹਿਊਮੈਨਿਟੀ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੋਵਾਂ ਸ਼ਖਸੀਅਤਾਂ ਨੂੰ ਇਕ-ਇਕ ਲੱਖ ਰੁਪਏ ਦੀ ਰਾਸ਼ੀ, ਯਾਦਗਾਰੀ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਬਾਬਾ ਫਰੀਦ ਸੁਸਾਇਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਈਮਾਨਦਾਰੀ ਨਾਲ ਕੰਮਕਾਜ ਕਰਨ ਲਈ ਇਹ ਇਨਾਮ ਦਿੱਤਾ ਗਿਆ ਹੈ, ਜਦਕਿ ਪਰਮਜੀਤ ਸਿੰਘ ਨਾਭਾ ਜੋ ਇਕ ਸਕੂਟਰ ਮਕੈਨਿਕ ਹੈ, ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਇਨਾਮ ਨਾਲ ਨਿਵਾਜਿਆ ਗਿਆ ਹੈ। ਉਹ ਪਿਛਲੇ 20 ਸਾਲਾਂ ਤੋਂ ਐਕਸੀਡੈਂਟ ਹੋਣ 'ਤੇ ਲੋਕਾਂ ਨੂੰ ਹਸਪਤਾਲ ਵਿਚ ਪਹੁੰਚਾਉਣ ਦੀ ਸੇਵਾ ਕਰ ਰਿਹਾ ਹੈ।