ਬੀ.ਟੈੱਕ. ਕਰ ਰਹੇ 2 ਵਿਦਿਆਰਥੀਆਂ ਦੀ ਸੜਕ ਹਾਦਸੇ ''ਚ ਮੌਤ, 1 ਜ਼ਖਮੀ

08/31/2017 3:06:21 AM

ਫਗਵਾੜਾ,   (ਜਲੋਟਾ)-  ਫਗਵਾੜਾ 'ਚ ਨੈਸ਼ਨਲ ਹਾਈਵੇ ਨੰਬਰ-1 'ਤੇ ਪਿੰਡ ਚਹੇੜੂ ਦੇ ਕੋਲ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਸਥਾਨਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਵਿਖੇ ਬੀ.ਟੈੱਕ. ਦੀ ਪੜ੍ਹਾਈ ਕਰ ਰਹੇ 2 ਵਿਦਿਆਰਥੀਆਂ ਦੀ ਮੌਤ ਤੇ ਇਨ੍ਹਾਂ ਦੇ ਇਕ ਸਾਥੀ ਦੋਸਤ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ । 
ਘਟਨਾ ਸਥਾਨ ਦੀ ਜਾਂਚ ਕਰ ਰਹੇ ਪੁਲਸ ਚੌਕੀ ਚਹੇੜੂ ਦੇ ਮੁਖੀ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਉਦੋਂ ਹੋਇਆ ਜਦੋਂ ਮੋਟਰਸਾਈਕਲ 'ਤੇ ਸਵਾਰ  ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਨੂੰ ਤੇਜ਼ ਰਫ਼ਤਾਰ 'ਚ ਆ ਰਹੇ ਟਰੱਕ ਨੇ ਆਪਣੀ ਲਪੇਟ 'ਚ ਲੈ ਲਿਆ । ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੇ ਤੁਰੰਤ ਬਾਅਦ 2 ਵਿਦਿਆਰਥੀਆਂ, ਜਿਨ੍ਹਾਂ ਦੀ ਪਛਾਣ ਸੋਨੂੰ ਗੁਪਤਾ ਪੁੱਤਰ ਲਕਸ਼ਮਣ ਰਾਮ ਵਾਸੀ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਤੇ ਅਭਿਰਲ ਖੁੱਲਰ ਪੁੱਤਰ ਰਾਜੇਸ਼ ਖੁੱਲਰ ਵਾਸੀ ਪੰਥ ਨਗਰ, ਜੰਗਪੁਰ (ਨਵੀਂ ਦਿੱਲੀ) ਵਜੋਂ ਹੋਈ ਹੈ, ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ । ਜਦੋਂਕਿ ਇਨ੍ਹਾਂ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਇਨ੍ਹਾਂ ਦਾ ਜਿਗਰੀ ਦੋਸਤ, ਜਿਸ ਦੀ ਪਛਾਣ ਨੰਦ ਕਿਸ਼ੋਰ ਪੁੱਤਰ ਵੀ. ਨਾਜਾ ਸ਼ੁਭਮ ਵਾਸੀ ਕੇਰਲਾ ਵਜੋਂ ਹੋਈ ਹੈ, ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ । ਉਸ ਨੂੰ ਇਲਾਜ ਲਈ ਫਗਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ  ਜਿਥੇ  ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਇਲਾਜ ਲਈ ਜੌਹਲ ਹਸਪਤਾਲ ਜਲੰਧਰ ਕੈਂਟ ਲਈ ਰੈਫਰ ਕਰ ਦਿੱਤਾ ਹੈ ।
ਟਰੱਕ ਸਮੇਤ ਚਾਲਕ ਕਾਬੂ
ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਸ ਚੌਕੀ ਚਹੇੜੂ ਦੀ ਟੀਮ ਨੇ ਘਟਨਾ ਸਥਾਨ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਦੋਸ਼ੀ ਟਰੱਕ ਚਾਲਕ, ਜਿਸ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ, ਨੂੰ ਟਰੱਕ ਸਣੇ ਕਾਬੂ ਕਰ ਲਿਆ ਹੈ । ਪੁਲਸ ਨੇ ਦੋਵੇਂ ਮ੍ਰਿਤਕ ਯੂਨੀਵਰਸਟੀ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ । ਪੁਲਸ ਵਾਪਰੇ ਹਾਦਸੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।