ਗਰੀਬ ਪਰਿਵਾਰਾਂ ਵੱਲੋਂ ਬੀ. ਡੀ. ਪੀ. ਓ. ਦਫਤਰ ਅੱਗੇ ਪੱਕਾ ਧਰਨਾ

03/28/2018 1:50:48 AM

ਨਾਭਾ,   (ਭੁਪਿੰਦਰ ਭੂਪਾ)-  ਸਥਾਨਕ ਬੀ. ਡੀ. ਪੀ. ਓ. ਦਫਤਰ ਅੱਗੇ ਨੇੜਲੇ ਪਿੰਡ ਅਗੇਤੀ ਦੇ 4 ਗਰੀਬ ਪਰਿਵਾਰਾਂ ਨੇ ਪੱਕਾ ਧਰਨਾ ਲਾ ਦਿੱਤਾ ਹੈ। ਇਨ੍ਹਾਂ ਵਿਚ ਸ਼ਾਮਲ ਗੁਰਮੀਤ ਸਿੰਘ, ਗੁਰਚਰਨ ਸਿੰਘ, ਬਲਵੀਰ ਸਿੰਘ ਤੇ ਗੁਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਪਿੰਡ ਵਿਚ ਹੋਏ ਸਰਵੇ ਦੌਰਾਨ 10 ਪਰਿਵਾਰਾਂ ਨੂੰ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦੇ ਲਾਭਪਾਤਰੀਆਂ ਵਜੋਂ ਚੁਣਿਆ ਗਿਆ ਸੀ। ਇਨ੍ਹਾਂ ਵਿੱਚੋਂ 4 ਪਰਿਵਾਰਾਂ ਨੇ ਆਪਣੇ ਪੱਧਰ 'ਤੇ ਕੱਚੇ ਘਰਾਂ ਨੂੰ ਪੱਕਾ ਕਰ ਲਿਆ ਹੈ। 2 ਨੂੰ ਬੀ. ਡੀ. ਪੀ. ਓ. ਦਫਤਰ ਨਾਭਾ ਵੱਲੋਂ ਇਸ ਯੋਜਨਾ ਤਹਿਤ ਸਹਾਇਤਾ ਰਾਸ਼ੀ ਦੇ ਦਿੱਤੀ ਗਈ। ਬਾਕੀ ਬਚਦੇ 4 ਪਰਿਵਾਰ ਪਿਛਲੇ 4-5 ਮਹੀਨਿਆਂ ਤੋਂ ਬੀ. ਡੀ. ਪੀ. ਓ. ਦਫਤਰ ਨਾਭਾ ਦੇ ਚੱਕਰ ਕਟਦੇ ਆ ਰਹੇ ਹਨ। ਇਨ੍ਹਾਂ ਨੂੰ ਦਫਤਰ ਦੇ ਲਾਰਿਆਂ ਤੋਂ ਸਿਵਾਏ ਕੁੱਝ ਵੀ ਪ੍ਰਾਪਤ ਨਹੀਂ ਹੋਇਆ ਹੈ। 
ਉਕਤ ਪਰਿਵਾਰਾਂ ਨੇ ਦੱਸਿਆ ਕਿ ਇਸ ਬਾਰੇ ਉਹ ਐੈੱਸ. ਡੀ. ਐੈੱਮ. ਨਾਭਾ ਅਤੇ ਏ. ਡੀ. ਸੀ. ਵਿਕਾਸ ਪਟਿਆਲਾ ਨੂੰ ਵੀ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ। ਅਜੇ ਤੱਕ ਕਿਸੇ ਨੇ ਵੀ ਫਰਿਆਦ ਨਹੀਂ ਸੁਣੀ, ਜਿਸ ਕਾਰਨ ਇਨ੍ਹਾਂ ਨੂੰ ਧਰਨੇ ਦਾ ਸਹਾਰਾ ਲੈਣਾ ਪੈ ਰਿਹਾ ਹੈ। 
ਇਨ੍ਹਾਂ ਪਰਿਵਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਤੱਕ ਸਾਨੂੰ ਇਸ ਯੋਜਨਾ ਤਹਿਤ ਲਾਭ ਨਹੀਂ ਮਿਲੇਗਾ, ਉਦੋਂ ਤੱਕ ਬੀ. ਡੀ. ਪੀ. ਓ. ਦਫਤਰ ਵਿਚ ਪੱਕੇ ਧਰਨੇ 'ਤੇ ਬੈਠੇ ਰਹਾਂਗੇ। ਇਸ ਦੇ ਨਾਲ ਹੀ ਉਕਤ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਸ ਯੋਜਨਾ ਤਹਿਤ ਬਣਦਾ ਲਾਭ ਜਲਦ ਤੋਂ ਜਲਦ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਕੱਚੇ ਘਰਾਂ ਨੂੰ ਪੱਕਾ ਕਰ ਸਕਣ।  ਇਸ ਮੌਕੇ ਗੁਲਜ਼ਾਰ ਸਿੰਘ, ਰੱਬੀ ਸਿੰਘ, ਚਰਨ ਸਿੰਘ, ਗੁਰਮੇਲ ਸਿੰਘ ਤੇ ਚਮਕੌਰ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ। ਦੂਜੇ ਪਾਸੇ ਜਦੋਂ ਬੀ. ਡੀ. ਪੀ. ਓ. ਨਾਭਾ ਨਾਲ ਮੋਬਾਇਲ ਰਾਹੀਂ ਸੰਪਰਕ ਕਰਨਾ ਚਾਹਿਆ ਗਿਆ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ।