ਚੀਨ 'ਚ ਚੋਟੀ ਦੇ ਖਿਡਾਰੀਆਂ ਨੂੰ ਚਿੱਤ ਕਰਕੇ ਪੰਜਾਬ ਪਰਤਿਆ ਅਵਤਾਰ, ਨਹੀਂ ਲਈ ਕਿਸੇ ਨੇ ਸਾਰ

11/25/2019 4:00:37 PM

ਸੰਗਤ ਮੰਡੀ, 25 ਨਵੰਬਰ (ਮਨਜੀਤ) : ਬੇਸ਼ੱਕ ਕੇਂਦਰ 'ਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਚੋਣਾਂ ਦੇ ਸਮੇਂ ਤਮਗਾ ਜੇਤੂ ਖਿਡਾਰੀਆਂ ਨੂੰ ਉੱਚ ਪੱਧਰ ਦੀਆਂ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਵਾਅਦਿਆਂ ਦੀ ਪੋਲ ਉਸ ਸਮੇਂ ਖੁੱਲ ਗਈ ਜਦੋਂ ਡਰੈਗਨ ਬੋਟ ਦੇ ਖਿਡਾਰੀਆਂ ਵੱਲੋਂ ਚੀਨ 'ਚ ਵਰਲਡ ਕੱਪ ਖੇਡਦਿਆਂ ਚੋਟੀ ਦੇ ਖਿਡਾਰੀਆਂ ਨੂੰ ਚਿੱਤ ਕਰਕੇ ਕਾਂਸੀ ਤਗਮਾ ਜਿੱਤ ਕੇ ਵਤਨ ਪਰਤੇ ਤਾਂ ਉਨ੍ਹਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਸਗੋਂ ਮੁਬਾਰਕਬਾਦ ਵੀ ਨਹੀਂ ਦਿੱਤੀ ਗਈ। ਉਕਤ ਖਿਡਾਰੀ ਸਰਕਾਰਾਂ 'ਤੇ ਸਿਆਸੀ ਲੀਡਰਾਂ ਦੇ ਇਸ ਵਰਤਾਰੇ ਤੋਂ ਬਹੁਤ ਨਾਰਾਜ਼ ਹਨ। ਉਕਤ ਖਿਡਾਰੀ ਵੱਲੋਂ ਤਮਗਾ ਜਿੱਤਣ ਲਈ ਆਪਣੇ ਕੋਲੋ ਲੱਖਾਂ ਰੁਪਿਆ ਖਰਚ ਕੀਤਾ ਗਿਆ ਪ੍ਰੰਤੂ ਉਸ ਦਾ ਕਿਸੇ ਵੀ ਸਰਕਾਰ ਵੱਲੋਂ ਮੁੱਲ ਨਹੀਂ ਪਾਇਆ ਗਿਆ।

ਬਠਿੰਡਾ ਜ਼ਿਲੇ ਦੇ ਛੋਟੇ ਜਿਹੇ ਪਿੰਡ ਸੰਗਤ ਕਲਾਂ ਤੋਂ ਅਵਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਡਰੈਗਨ ਬੋਟ 'ਚ ਕਾਂਸੀ ਦਾ ਪਹਿਲਾ ਤਗਮਾ ਜਿੱਤਿਆ ਗਿਆ ਹੈ, ਉਸ ਨੂੰ ਆਸ ਸੀ ਕਿ ਉਸ ਦਾ ਪਹਿਲਾ ਤਗਮਾ ਜਿੱਤਣ ਨਾਲ ਉਸ ਦਾ ਵਤਨ ਪਰਤਣ 'ਤੇ ਨਿੱਘਾ ਸਵਾਗਤ ਕੀਤਾ ਜਾਵੇਗਾ ਪ੍ਰੰਤੂ ਉਸ ਸਮੇਂ ਬੜੀ ਹੈਰਾਨੀ ਹੋਈ ਜਦ ਉਕਤ ਖਿਡਾਰੀ ਵੱਲੋਂ ਬਠਿੰਡਾ ਆ ਕੇ ਲੋਕ ਸੰਪਰਕ ਵਿਭਾਗ ਦੇ ਖੁੱਦ ਦਫ਼ਤਰ 'ਚ ਜਾ ਕੇ ਤਮਗਾ ਜਿੱਤਣ ਬਾਰੇ ਦੱਸਿਆ ਗਿਆ।