ਸਿੱਖ ਤਾਂ ਰੋਜ਼ ਮੁਆਫੀ ਮੰਗਦੈ : ਜਥੇ. ਮੱਕੜ

12/10/2018 3:32:08 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਜਥੇ. ਅਵਤਾਰ ਸਿੰਘ ਮੱਕੜ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖਤ 'ਤੇ ਮੁਆਫੀ ਮੰਗਣ ਗਏ ਆਗੂਆਂ ਨਾਲ ਕਿਉਂ ਨਹੀਂ ਗਏ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ। ਸੰਸਾਰ 'ਚ ਬੈਠੇ ਸਿੱਖ ਤੇ ਅਸੀਂ ਤਾਂ ਦੋ ਟਾਈਮ ਹਰ ਰੋਜ਼ ਮੁਆਫੀ ਮੰਗਦੇ ਹਾਂ ਪਰ ਉਹ ਦੱਸਣ ਕਾਹਦੀ ਮੁਆਫੀ ਮੰਗਣ ਗਏ।

ਉਨ੍ਹਾਂ ਕਿਹਾ ਕਿ ਜਿਥੋਂ ਤੱਕ ਉਨ੍ਹਾਂ ਦੇ ਜਾਣ ਦਾ ਸਵਾਲ ਹੈ, ਉਹ ਗੁਰੂ ਘਰ ਦੇ ਸੇਵਾਦਾਰ ਹਨ, ਜਦੋਂ ਚਾਹੁਣ ਜਾ ਸਕਦੇ ਹਨ। ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਸਿਰਸਾ ਸਾਧ ਨੂੰ ਮੁਆਫੀ ਦਿੱਤੀ ਗਈ ਸੀ ਤੁਸੀਂ ਉਸ ਵੇਲੇ ਪ੍ਰਧਾਨ ਸੀ, ਤੁਹਾਡਾ ਵੀ ਨਾਲ ਜਾਣਾ ਬਣਦਾ ਸੀ। ਉਨ੍ਹਾਂ ਕਿਹਾ ਕਿ ਸਿਰਸਾ ਸਾਧ ਨੂੰ ਮੁਆਫੀ ਦੇਣ ਮੌਕੇ ਮੈਂ ਰੋਕਿਆ ਸੀ ਪਰ ਮੇਰੀ ਕਿਸੇ ਨੇ ਮੰਨੀ ਨਹੀਂ। ਜ਼ੋਰ ਦੇਣ 'ਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਗਏ ਤਾਂ ਉਨ੍ਹਾਂ ਕਿਹਾ ਕਿ ਮੈਂ ਕੋਈ ਗਲਤੀ ਨਹੀਂ ਕੀਤੀ। ਉਂਝ ਮੈਂ ਮੁਆਫੀ ਮੰਗਦਾ ਹਾਂ, ਮੈਂ ਹਰ ਮਹੀਨੇ ਗੁਰੂ ਘਰ ਜਾਂਦਾ ਹਾਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹਾਂ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਆਪ੍ਰੇਸ਼ਨ ਕਰਵਾਉਣ ਜਾ ਰਹੇ ਹਨ, ਇਸ ਲਈ ਉਹ ਤੰਦਰੁਸਤ ਹੋ ਕੇ ਸਿਹਤਯਾਬੀ ਦੀ ਅਰਦਾਸ ਜ਼ਰੂਰ ਕਰ ਰਹੇ ਹਨ।

Anuradha

This news is Content Editor Anuradha