ਸੁਖਬੀਰ ਬਾਦਲ ਦੇ 30 ਮਿੰਟਾਂ ''ਚ ਡਰਾਈਵਿੰਗ ਲਾਈਸੈਂਸ ਬਣਾਉਣ ਦੇ ਦਾਅਵੇ ਠੁੱਸ

05/18/2016 2:52:39 PM

ਤਪਾ ਮੰਡੀ (ਮਾਰਕੰਡਾ) : ਕੁਝ ਦਿਨ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਡੀ. ਟੀ. ਓ. ਦਫ਼ਤਰ ਬਰਨਾਲਾ ਵਿਖੇ ਜ਼ਿਲਾ ਪਧੱਰ ਦੇ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਜਲਦ ਸਹੂਲਤ ਦੇਣਾ ਸੀ ਪਰ ਕੀ ਪਤਾ ਸੀ ਕਿ ਇਹ ਸਿਸਟਮ ਲੋਕਾਂ ਲਈ ਵੱਡੀ ਸਿਰਦਰਦੀ ਬਣ ਜਾਵੇਗਾ ਲੋਕ ਕਹਿਣਗੇ ਕਿ ਪਹਿਲਾਂ ਵਾਲਾ ਸਿਸਟਮ ਹੀ ਸਾਨੂੰ ਵਾਪਸ ਦੇ ਦਿਓ।
ਤਪਾ ਮੰਡੀ ਦੇ ਨੌਜਵਾਨ ਸ਼ਿਵਮ ਬਾਂਸਲ ਪੁੱਤਰ ਨਰੋਤਮ ਦਾਸ ਨੇ ਦੱਸਿਆ ਕਿ ਉਹ ਬਠਿੰਡਾ ਵਿਖੇ ਕਾਲਜ ਵਿਚ ਆਰਕੀਟੈਕਟ ਦਾ ਕੋਰਸ ਕਰ ਰਿਹਾ ਹੈ। ਉਸਨੇ ਅਪ੍ਰੈਲ ਮਹੀਨੇ ਦੇ ਅਖੀਰ ਵਿਚ ਲਰਨਿੰਗ ਡਰਾਈਵਿੰਗ ਲਾਈਸੈਂਸ ਬਣਾਉਣ ਲਈ ਫਾਈਲ ਤਿਆਰ ਕਰਵਾਈ ਸੀ। ਇਸ ਤੋਂ ਬਾਅਦ ਜਦੋਂ ਉਸ ਦੀ ਫਾਈਲ ਡੀ. ਟੀ. ਓ. ਦਫ਼ਤਰ ਵਿਖੇ ਜਮਾਂ ਹੋਈ ਤਾਂ ਉਸ ਤੋਂ ਬਣਦੀ ਫੀਸ ਭਰਵਾਈ ਗਈ ਅਤ ਉੱਥੇ ਕੰਪਿਊਟਰ ਟੈਬ ''ਤੇ ਉਸ ਦਾ ਡਰਾਈਵਿੰਗ ਟੈਸਟ ਲਿਆ ਗਿਆ।
ਕੁਝ ਮਿੰਟਾਂ ਬਾਅਦ ਜਦੋਂ ਉਹ ਟੈਸਟ ਨੂੰ ਸਬਮਿਟ ਕਰਨ ਲੱਗਾ ਤਾਂ ਟੈਬ ਹੈਂਗ ਹੋ ਗਿਆ ਅਤੇ ਆਪਰੇਟਰ ਨੇ ਦੂਜੇ ਦਿਨ ਆਉਣ ਲਈ ਕਿਹਾ। ਜਦੋਂ ਉਹ ਦੂਜੇ ਦਿਨ ਕਾਲਜ ''ਚੋਂ ਛੁੱਟੀ ਮਾਰ ਕੇ 25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਡੀ. ਟੀ. ਓ. ਦਫ਼ਤਰ ਗਿਆ ਤਾਂ ਆਪਰੇਟਰ ਨੇ ਟੈਸਟ ਦਾ ਨਤੀਜਾ ਫੇਲ ਦੱਸਿਆ।
ਜਦੋਂ ਉਹ ਤੀਜੀ ਵਾਰ ਕਾਲਜ ''ਚੋਂ ਛੁੱਟੀ ਮਾਰ ਕੇ ਟੈਸਟ ਦੇਣ ਗਿਆ ਤਾਂ ਫਿਰ ਆਪਰੇਟਰ ਨੇ 2 ਦਿਨਾਂ ਬਾਅਦ ਆਉਣ ਲਈ ਕਿਹਾ। ਨੌਜਵਾਨ ਨੇ ਦੱਸਿਆ ਕਿ ਇਸ ਮਾਮਲੇ ਾਂਬੰਧੀ ਉਹ ਜ਼ਿਲਾ ਟਰਾਂਸਪੋਰਟ ਅਧਿਕਾਰੀ ਸੁਖਵਿੰਦਰ ਕੁਮਾਰ ਨੂੰ ਵੀ ਮਿਲਿਆ ਪਰ ਉਨ੍ਹਾਂ ਨੇ ਵੀ ਸਮੱਸਿਆ ਦਾ ਕੋਈ ਹੱਲ ਨਹੀ ਕੀਤਾ ਤੇ ਉਹ ਨਿਰਾਸ਼ ਹੋ ਕੇ ਵਾਪਸ ਆ ਗਿਆ। 
ਜਦੋਂ ਨੌਜਵਾਨ ਚੌਥੀ ਵਾਰ 13 ਮਈ ਨੂੰ ਟੈਸਟ ਦੇਣ ਗਿਆ ਤਾਂ ਉਸ ਤੋਂ ਦੁਬਾਰਾ ਫੀਸ ਭਰਵਾਈ ਗਈ ਪਰ ਫਿਰ ਵੀ ਆਪਰੇਟਰ ਨੇ 2-4 ਦਿਨਾਂ ਬਾਅਦ ਆਉਣ ਲਈ ਹੀ ਕਿਹਾ। ਇਸ ਬਾਰੇ ਜਦੋਂ ਡੀ. ਟੀ. ਓ. ਸੁਖਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਫ਼ਤੇ ਤੱਕ ਨੌਜਵਾਨ ਦਾ ਲਾਈਸੈਂਸ ਬਣੇਗਾ ਕਿਉਂਕਿ ਇਹ ਸਿਸਟਮ ਨੈੱਟ ਨਾਲ ਜੁੜਿਆ ਹੋਇਆ ਹੈ ਅਤੇ ਇਕ ਵਾਰ ਟੈਸਟ ''ਚੋਂ ਅਸਫ਼ਲ ਰਹਿਣ ਕਾਰਨ ਉਨ੍ਹਾਂ ਦੇ ਸਿਸਟਮ ''ਚ ਨੌਜਵਾਨ ਦਾ ਨਾਂ ਸਰਚ ਨਹੀਂ ਹੋ ਰਿਹਾ।  

Babita Marhas

This news is News Editor Babita Marhas