ਮੈਨੇਜਰ ਨੂੰ ਗੋਲੀ ਮਾਰ ਕੇ ਨਕਦੀ ਖੋਹੀ, ਲੁਟੇਰੇ ਫਰਾਰ

06/29/2017 4:24:05 AM

ਅੰਮ੍ਰਿਤਸਰ (ਸੰਜੀਵ)— ਅੰਮ੍ਰਿਤਸਰ-ਜਲੰਧਰ ਸ਼ੇਰ ਸ਼ਾਹ ਸੂਰੀ ਰੋਡ 'ਤੇ ਅੱਜ ਅਣਪਛਾਤੇ ਲੁਟੇਰੇ ਰਿਸ਼ਭ ਆਟੋ 'ਚ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਇੰਦਰ ਸ਼ਰਮਾ ਨੂੰ ਗੋਲੀਆਂ ਨਾਲ ਭੁੰਨ ਉਪਰੰਤ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਉਸ ਸਮੇਂ ਹੋਈ ਜਦੋਂ ਇੰਦਰ ਸ਼ਰਮਾ ਮਾਨਾਂਵਾਲਾ ਸਥਿਤ ਰਿਲਾਇੰਸ ਪੈਟਰੋਲ ਪੰਪ ਤੋਂ ਉਗਰਾਹੀ ਕਰ ਕੇ ਆਪਣੀ ਕਾਰ 'ਚ ਅੰਮ੍ਰਿਤਸਰ ਵੱਲ ਆ ਰਿਹਾ ਸੀ, ਜਿਵੇਂ ਹੀ ਉਹ ਯੂ ਟਰਨ ਲੈ ਕੇ ਅੰਮ੍ਰਿਤਸਰ ਨੂੰ ਮੁੜਿਆ ਤਾਂ ਪਿੱਛੋਂ ਆਏ ਕਾਰ ਸਵਾਰ ਲੁਟੇਰਿਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਲੁਟੇਰਿਆਂ ਨੂੰ ਦੇਖ ਕੇ ਇੰਦਰ ਸ਼ਰਮਾ ਨੇ ਜਦੋਂ ਵਿਰੋਧ ਕੀਤਾ ਤਾਂ ਕਾਰ ਸਵਾਰ ਇਕ ਲੁਟੇਰੇ ਨੇ ਉਸ 'ਤੇ ਗੋਲੀ ਚਲਾ ਦਿੱਤੀ। ਉਹ ਜ਼ਖਮੀ ਹੋ ਕੇ ਗੱਡੀ 'ਚ ਡਿੱਗ ਗਿਆ ਅਤੇ ਲੁਟੇਰੇ ਉਸ ਤੋਂ ਨਕਦੀ ਖੋਹ ਕੇ ਭੱਜ ਨਿਕਲੇ। ਪਤਾ ਲੱਗਾ ਹੈ ਕਿ ਲੁਟੇਰੇ ਕਰੀਬ 11 ਲੱਖ ਰੁਪਏ ਆਪਣੇ ਨਾਲ ਲੈ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿਥੇ ਐੱਸ.ਐੱਸ.ਪੀ. ਦਿਹਾਤੀ ਪਰਮਪਾਲ ਸਿੰਘ ਗਾਂਧੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਇੰਦਰ ਸ਼ਰਮਾ ਨੂੰ ਇਲਾਜ ਲਈ ਸਥਾਨਕ ਇਕ ਨਿੱਜੀ ਹਸਪਤਾਲ ਭੇਜਿਆ ਜਿਥੇ ਉਸ ਦੀ ਮੌਤ ਹੋ ਗਈ।
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ : ਐੱਸ. ਐੱਸ. ਪੀ. ਪਰਮਪਾਲ ਦਾ ਕਹਿਣਾ ਹੈ ਕਿ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਘਟਨਾ ਵਾਲੀ ਥਾਂ ਤੋਂ ਕੁਝ ਅਜਿਹੇ ਸੁਰਾਗ ਮਿਲੇ ਹਨ ਜਿਨ੍ਹਾਂ ਨਾਲ ਪੁਲਸ ਜਲਦ ਲੁਟੇਰਿਆਂ ਦੇ ਕਾਲਰ ਤਕ ਪਹੁੰਚ ਜਾਵੇਗੀ।