ਮਾਹਿਲਪੁਰ ਵਿਖੇ ਬੈਂਕ ਦੀ ਕੰਧ ਪਾੜ ਕੇ ਲੁੱਟ ਦੀ ਕੋਸ਼ਿਸ਼, ਅਚਾਨਕ ਸਾਇਰਨ ਵੱਜਣ ਕਾਰਨ ਲੁਟੇਰੇ ਹੋਏ ਫਰਾਰ

12/28/2022 12:34:31 PM

ਮਾਹਿਲਪੁਰ (ਅਗਨੀਹੋਤਰੀ)- ਮਾਹਿਲਪੁਰ-ਫਗਵਾੜਾ ਰੋਡ ’ਤੇ ਪਿੰਡ ਪਾਲਦੀ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਪਿਛਲੀ ਕੰਧ ਪਾੜ੍ਹ ਕੇ ਬੈਂਕ ਲੁੱਟਣ ਦੀ ਨੀਅਤ ਨਾਲ ਅੰਦਰ ਦਾਖ਼ਲ ਹੋਏ ਲੁਟੇਰੇ ਅਜੇ ਬੈਂਕ ਦੀ ਫਰੋਲਾ-ਫਰਾਲੀ ਹੀ ਕਰ ਰਹੇ ਸਨ ਕਿ ਅਚਾਨਕ ਬਾਹਰ ਸੜਕ ’ਤੇ ਕਿਸੇ ਵਾਹਨ ਦਾ ਸਾਇਰਨ ਵੱਜਣ ਕਾਰਨ ਲੁਟੇਰੇ ਪਿਛਲੇ ਪਾਸਿਓਂ ਫਰਾਰ ਹੋ ਗਏ। ਮਾਮਲੇ ਦਾ ਭੇਦ ਬੀਤੇ ਦਿਨ ਸਵੇਰੇ ਉਸ ਵੇਲੇ ਖੁੱਲ੍ਹਾ ਜਦੋਂ ਬੈਂਕ ਦੀ ਮਹਿਲਾ ਸਫ਼ਾਈ ਕਰਮਚਾਰੀ ਨੇ ਆ ਕੇ ਬੈਂਕ ਦੀ ਪਿਛਲੀ ਕੰਧ ਤੋੜੀ ਹੋਈ ਵੇਖੀ। ਚੌਂਕੀ ਇੰਚਾਰਜ ਬਲਜਿੰਦਰ ਸਿੰਘ ਪੁਲਸ ਫੋਰਸ ਲੈ ਕੇ ਮੌਕੇ ’ਤੇ ਪਹੁੰਚੇ। ਉਨ੍ਹਾਂ ਸੀ. ਸੀ. ਟੀ. ਵੀ. ’ਚ ਕੈਦ ਹੋਏ ਚੋਰਾਂ ਦੀਆਂ ਤਸਵੀਰਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਲਵਿਦਾ 2022: ਦੇਸ਼-ਵਿਦੇਸ਼ ’ਚ ਮਸ਼ਹੂਰ ਹੋਇਆ ਜਲੰਧਰ ਦਾ 'ਲਤੀਫ਼ਪੁਰਾ', ਕਈਆਂ ਨੇ ਵੰਡਾਇਆ ਬੇਘਰ ਲੋਕਾਂ ਨਾਲ ਦੁੱਖ਼

ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਜੁਝਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਨੌ ਵਜੇ ਦੇ ਕਰੀਬ ਬੈਂਕ ਦੀ ਮਹਿਲਾ ਸਫ਼ਾਈ ਕਰਮਚਾਰੀ ਜਦੋਂ ਬੈਂਕ ਦੇ ਕਮਰਿਆਂ ਦੀ ਸਫ਼ਾਈ ਕਰ ਰਹੀ ਸੀ ਤਾਂ ਉਸ ਨੇ ਕੁਝ ਸਾਮਾਨ ਇੱਧਰ-ਉੱਧਰ ਖਿੱਲਰਿਆ ਵੇਖਿਆ। ਇਕ ਕਮਰੇ ਦੀ ਸਫ਼ਾਈ ਕਰਨ ਸਮੇਂ ਉਸ ਦੀ ਨਜ਼ਰ ਬੈਂਕ ਦੀ ਪਿਛਲੀ ਤੋੜੀ ਗਈ ਕੰਧ ’ਤੇ ਪਈ ਤਾਂ ਉਸ ਨੇ ਤੁਰੰਤ ਉਨ੍ਹਾਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮਾਹਿਲਪੁਰ ਪੁਲਸ ਨੂੰ ਫੋਨ ਕੀਤਾ ਅਤੇ ਬੈਂਕ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਰਾਤ ਦੋ ਵਜੇ ਦੇ ਕਰੀਬ ਦੋ ਨਕਾਬਪੋਸ਼ ਨੌਜਵਾਨ ਹੱਥ ਵਿਚ ਬੈਟਰੀਆਂ ਲੈ ਕੇ ਬੈਂਕ ਅੰਦਰ ਦਾਖਲ ਹੋਏ ਸਨ |

ਉਨ੍ਹਾਂ ਦੱਸਿਆ ਕਿ ਚੋਰ ਅਜੇ ਬੈਂਕ ਦੇ ਕਾਊਂਟਰ ਹੀ ਫਰੋਲ ਰਹੇ ਸਨ ਕਿ ਅਚਾਨਕ ਬਾਹਰ ਜਰਨੈਲੀ ਸੜਕ ’ਤੇ ਕਿਸੇ ਵਾਹਨ ਦਾ ਸਾਇਰਨ ਵੱਜ ਗਿਆ ਅਤੇ ਚੋਰ ਉਨ੍ਹਾਂ ਵੱਲੋਂ ਹੀ ਤੋੜੀ ਗਈ ਕੰਧ ਰਾਹੀਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਂਕ ਵਿਚ ਰੋਜ਼ਾਨਾ 20 ਤੋਂ 25 ਲੱਖ ਦਾ ਲੈਣ ਦੇਣ ਹੁੰਦਾ ਹੈ ਪਰ ਬੈਂਕ ਦਾ ਹੋਰ ਕੋਈ ਵੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਫੋਰਸ ਲੈ ਕੇ ਪਹੁੰਚੇ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੁਟੇਜ ਲੈ ਕੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਜਲਦ ਹੀ ਚੋਰ ਵੀ ਕਾਬੂ ਕਰ ਲਏ ਜਾਣਗੇ। 

ਇਹ ਵੀ ਪੜ੍ਹੋ : ਕਤਲ ਕੀਤੇ 2 ਭਰਾਵਾਂ ਦਾ ਇਕੱਠਿਆਂ ਹੋਇਆ ਅੰਤਿਮ ਸੰਸਕਾਰ, ਜਵਾਨ ਪੁੱਤਾਂ ਦੀਆਂ ਲਾਸ਼ਾਂ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri