ਨੌਜਵਾਨ ਵਲੋਂ ਝੀਲ ''ਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼

03/17/2018 5:52:34 PM

ਬਠਿੰਡਾ (ਸੁਖਵਿੰਦਰ)-ਇਕ ਨੌਜਵਾਨ ਵਲੋਂ ਝੀਲ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਸੰਸਥਾ ਵਲੋਂ ਸਮਾਂ ਰਹਿੰਦਿਆਂ ਹੀ ਬਚਾ ਲਿਆ ਗਿਆ। ਜ਼ਿਕਰਯੋਗ ਹੈ ਕਿ ਰੋਜ਼ਾਨਾ ਜ਼ਿਲੇ ਵਿਚ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। 
ਜਾਣਕਾਰੀ ਅਨੁਸਾਰ ਗੋਨਿਆਣਾ ਰੋਡ 'ਤੇ ਝੀਲ ਨੰਬਰ 2 ਵਿਚ ਇਕ ਨੌਜਵਾਨ ਨੇ ਛਾਲ ਮਾਰ ਦਿੱਤੀ। ਇਸ ਦੌਰਾਨ ਆਸ-ਪਾਸ ਦੇ ਲੋਕਾਂ ਵਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਰਜਿੰਦਰ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਝੀਲ ਵਿਚੋਂ ਤੁਰੰਤ ਨੌਜਵਾਨ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਸੰਸਥਾ ਵਰਕਰਾਂ ਨੇ ਨੌਜਵਾਨ ਨੂੰ ਮੁਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਕਤ ਨੌਜਵਾਨ ਦੀ ਪਛਾਣ ਸਨੀ (21) ਵਾਸੀ ਬਠਿੰਡਾ ਵਜੋਂ ਹੋਈ। ਥਾਣਾ ਥਰਮਲ ਦੇ ਮੁਖੀ ਨੇ ਦੱਸਿਆ ਕਿ ਉਕਤ ਨੌਜਵਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਫਿਲਹਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।