ਨਿਹੰਗ ਬਾਣੇ ’ਚ ਆਏ 5 ਵਿਅਕਤੀਆਂ ਵੱਲੋਂ ਗੁ. ਅਕਾਲ ਬੁੰਗਾ ਸਾਹਿਬ ਦੇ ਤਾਲੇ ਤੋੜ ਕੇ ਕਬਜ਼ਾ ਕਰਨ ਕੋਸ਼ਿਸ਼

11/29/2023 2:19:53 PM

ਸੁਲਤਾਨਪੁਰ ਲੋਧੀ (ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਪ੍ਰਸ਼ਾਸਨ ਦੀ ਚੌਕਸੀ ਕਾਰਨ ਵੱਡੀ ਘਟਨਾ ਟਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਜਦ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਸਨ ਤਾਂ ਉਸ ਤੋਂ ਪਹਿਲਾਂ ਰਾਤ 11 ਵਜੇ ਕਰੀਬ 5 ਅਣਪਛਾਤੇ ਨਿਹੰਗ ਸਿੰਘ ਬਾਣੇ ਵਿਚ ਆਏ ਵਿਅਕਤੀਆਂ ਵੱਲੋਂ ਬੁੱਢਾ ਦਲ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਨਵਾਬ ਕਪੂਰ ਸਿੰਘ ਵਿਖੇ ਕਥਿਤ ਤੌਰ ’ਤੇ ਮੁੜ ਕਬਜ਼ਾ ਕਰਨ ਦੀ ਨੀਅਤ ਨਾਲ ਗੁਰਦੁਆਰਾ ਸਾਹਿਬ ਦੇ ਬੇਰ ਸਾਹਿਬ ਵਾਲੇ ਪਾਸੇ ਲੱਗੇ ਮੁੱਖ ਗੇਟ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਜੋਕਿ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਚੌਕਸੀ ਕਾਰਨ ਅਸਫ਼ਲ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸੈਸ਼ਨ 'ਚ 'ਆਪ' ਵਿਧਾਇਕਾ ਨੇ ਚੁੱਕਿਆ ਨਹਿਰਾਂ 'ਚ ਵਰਤੇ ਘਟੀਆ ਮਟੀਰੀਅਲ ਦਾ ਮੁੱਦਾ

ਇਸ ਸਬੰਧੀ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਪੁਲਸ ਗੁਰਦੁਆਰਾ ਬੇਰ ਸਾਹਿਬ ਸਾਹਮਣੇ ਡਿਊਟੀ ਕਰ ਰਹੀ ਸੀ ਤਾਂ ਉਸ ਸਮੇਂ ਚੁੱਪ ਚਪੀਤੇ 5 ਵਿਅਕਤੀ ਨਿਹੰਗ ਸਿੰਘ ਬਾਣੇ ਵਿਚ ਆਏ ਅਤੇ ਗੁਰਦੁਆਰਾ ਅਕਾਲ ਬੁੰਗਾ, ਨਵਾਬ ਕਪੂਰ ਸਿੰਘ ਯਾਦਗਾਰ ਦਾ ਤਾਲਾ ਤੋੜ ਕੇ ਅੰਦਰ ਜਾਣ ’ਚ ਸਫ਼ਲ ਹੋ ਗਏ ਅਤੇ ਜਿਉਂ ਹੀ ਇਸ ਦੀ ਭਿਣਕ ਪੁਲਸ ਨੂੰ ਲੱਗੀ ਤਾਂ ਪੁਲਸ ਪਾਰਟੀ ਦੇ ਵੱਡੀ ਗਿਣਤੀ ਵਿਚ ਪੁੱਜਣ 'ਤੇ ਸਾਰੇ ਵਿਅਕਤੀ ਉੱਥੋਂ ਭੀੜ ਵਿਚ ਫਰਾਰ ਹੋ ਗਏ।  ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ 5 ਸ਼ਰਾਰਤੀਆਂ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤਾਲਾ ਤੋੜ ਰਹੇ ਸਨ ਤਾਂ ਪੁਲਸ ਨੂੰ ਵੇਖ ਕੇ ਭੱਜ ਗਏ ਅਤੇ ਤਾਲਾ ਨਹੀਂ ਤੋੜ ਸਕੇ। ਇਸ ਘਟਨਾ ਮੌਕੇ ਰਾਤ 11.30 ਵਜੇ ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ ਸੰਧੂ ਵੀ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਇਸ ਘਟਨਾ ਬਾਰੇ ਗੋਲਮੋਲ ਜਵਾਬ ਦਿੰਦੇ ਕਿਹਾ ਕਿ ਸਾਰਾ ਕੁਝ ਠੀਕ-ਠਾਕ ਹੈ।

ਇਸ ਘਟਨਾ ਸਬੰਧੀ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲੇ ਬਾਰੇ ਜਾਂਚ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹੁਣ ਇਸ ਝਗੜੇ ਵਾਲੀ ਜਗ੍ਹਾ ’ਤੇ ਧਾਰਾ 145 ਲਗਾਈ ਗਈ ਹੈ ਅਤੇ ਹੁਣ ਇਸ ਦੀ ਦੇਖਭਾਲ ਤਹਿਸੀਲਸਾਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਪਹਿਲਾਂ ਵਾਂਗ ਸਵੇਰ ਸ਼ਾਮ ਮਰਿਆਦਾ ਅਨੁਸਾਰ ਪਾਠ ਚੱਲਦੇ ਹਨ ਅਤੇ ਸਤਿਗੁਰੂ ਜੀ ਦਾ ਪ੍ਰਕਾਸ਼ ਅਤੇ ਸੁੱਖ ਆਸਣ ਗੁਰੂ ਘਰ ਦੇ ਸੇਵਾਦਾਰ ਹੀ ਮਰਿਆਦਾ ਅਨੁਸਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ’ਤੇ ਕਿਸੇ ਨੂੰ ਵੀ ਪ੍ਰਵੇਸ਼ ਕਰਨ ਜਾਂ ਕਬਜ਼ਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਰਾਤ ਨੂੰ ਗੁਰਦੁਆਰਾ ਸਾਹਿਬ ਦੇ ਤਾਲੇ ਤੋੜਨ ਦੀ ਸਬੰਧੀ ਕਾਫ਼ੀ ਚਰਚਾ ਹੋ ਰਹੀ ਹੈ। ਪੁਲਸ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰੀ ਗੇਟ ਦੇ ਬਾਹਰ ਬੈਰੀਗੇਟ ਲਗਾ ਕੇ ਗੇਟ ਦੇ ਰਸਤੇ ਨੂੰ ਬੰਦ ਕਰ ਦਿੱਤਾ ਹੈ ਅਤੇ ਹੋਰ ਪੁਲਸ ਫ਼ੋਰਸ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ 'ਤੇ ਭੜਕੇ ਗੁਰਸਿਮਰਨ ਮੰਡ, ਕਹੀਆਂ ਵੱਡੀਆਂ ਗੱਲਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri