ਨਿਹੰਗ ਸਿੰਘਾਂ ਦੇ ਬਾਣੇ ’ਚ ਪੁੱਜੇ ਹਮਲਾਵਰਾਂ ਨੇ ਗਿਰਜਾਘਰ ਦੇ ਬਾਹਰ ਖੜ੍ਹੀਆਂ ਕਾਰਾਂ ਭੰਨੀਆਂ

05/21/2023 11:25:26 PM

ਅੰਮ੍ਰਿਤਸਰ/ਜੰਡਿਆਲਾ ਗੁਰੂ (ਅਰੁਣ/ਸੁਰਿੰਦਰ/ਸ਼ਰਮਾ)-ਮਾਨਾਂਵਾਲਾ ਸਥਿਤ ਇਕ ਗਿਰਜਾਘਰ, ਜਿੱਥੇ ਵੱਡੀ ਗਿਣਤੀ ਵਿਚ ਮਸੀਹੀ ਭਾਈਚਾਰੇ ਦੇ ਲੋਕਾਂ ਦੀ ਪ੍ਰਾਰਥਨਾ ਸਭਾ ਚੱਲ ਰਹੀ ਸੀ ਕਿ ਅਚਾਨਕ ਗਿਰਜਾਘਰ ਦੀ ਚਾਰਦੀਵਾਰੀ ਅੰਦਰ ਨਿਹੰਗ ਸਿੰਘਾਂ ਦੇ ਬਾਣੇ ’ਚ ਦਾਖ਼ਲ ਹੋਏ ਅਣਪਛਾਤੇ ਹਮਲਾਵਰਾਂ ਨੇ ਬਵਾਲ ਮਚਾਉਣਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਆ ਇਹ ਫ਼ੈਸਲਾ

ਮਸੀਹੀ ਭਾਈਚਾਰੇ ਦੇ ਪੈਰੋਕਾਰਾਂ ਨੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਨੇ ਨੰਗੀਆਂ ਕਿਰਪਾਨਾਂ ਲਹਿਰਾਈਆਂ ਅਤੇ ਕਾਰਾਂ ਦੀ ਭੰਨ-ਤੋੜ ਕਰ ਕੇ ਮਸੀਹੀ ਭਾਈਚਾਰੇ ਦੇ ਕੁਝ ਲੋਕਾਂ ’ਤੇ ਹਮਲਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਚਾਰ ਦੇ ਕਰੀਬ ਗੱਡੀਆਂ ਵਿਚ ਬੈਠ ਕੇ ਪੁੱਜੇ ਇਨ੍ਹਾਂ ਹਮਲਾਵਰਾਂ ਵੱਲੋਂ ਮਸੀਹੀ ਭਾਈਚਾਰੇ ਦੇ ਲੋਕਾਂ ਨੂੰ ਵੰਗਾਰਦਿਆਂ ਭਵਿੱਖ ਵਿਚ ਨਤੀਜੇ ਹੋਰ ਵੀ ਭਿਆਨਕ ਹੋਣ ਦੀ ਚਿਤਾਵਨੀ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ : ਤੀਰਅੰਦਾਜ਼ੀ ਵਿਸ਼ਵ ਕੱਪ ’ਚ ਪੰਜਾਬ ਦੀ ਧੀ ਅਵਨੀਤ ਕੌਰ ਨੇ ਵਧਾਇਆ ਮਾਣ, ਜਿੱਤਿਆ ਕਾਂਸੀ ਤਮਗਾ

ਪੁਲਸ ਪ੍ਰਸ਼ਾਸਨ ਵੱਲੋਂ ਜਲਦ ਹੀ ਇਨ੍ਹਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਭਰੋਸੇ ਦੀ ਗੱਲ ਕਰਦਿਆਂ ਪੈਰੋਕਾਰਾਂ ਵੱਲੋਂ ਕਿਹਾ ਗਿਆ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਇਕ ਹਫ਼ਤੇ ਦੇ ਅੰਦਰ ਇਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਪੂਰੇ ਪੰਜਾਬ ਵਿਚ ਮਸੀਹੀ ਭਾਈਚਾਰੇ ਵੱਲੋਂ ਚੱਕਾ ਜਾਮ ਕਰ ਕੇ ਹੱਕੀ ਇਨਸਾਫ਼ ਦੀ ਮੰਗ ਕੀਤੀ ਜਾਵੇਗੀ।

ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਥਾਣਾ ਚਾਟੀਵਿੰਡ ਦੇ ਅਧਿਕਾਰੀ ਅਜੇਪਾਲ ਸਿੰਘ ਬਾਠ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਹਮਲਾਵਰਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

Manoj

This news is Content Editor Manoj