ਪੈਟਰੋਲ ਦੇ ਪੈਸੇ ਮੰਗਣੇ ਪਏ ਭਾਰੀ, ਲੁਟੇਰਿਆਂ ਨੇ ਹਵਾਈ ਫਾਇਰ ਕਰਕੇ ਮੁਲਾਜ਼ਮ ਦੇ ਮਾਰੇ ਚਾਕੂ

04/26/2018 6:50:01 PM

ਜਲੰਧਰ— ਬੀਤੀ ਰਾਤ 11 ਵਜੇ ਦੇ ਕਰੀਬ ਸੁੱਚਾ ਪਿੰਡ ਦੇ ਕੋਲ ਜੀਵਨ ਪੈਟਰੋਲ ਪੰਪ 'ਤੇ ਪੈਟਰੋਲ ਪੁਆਉਣ ਆਏ ਬਾਈਕ ਸਵਾਰ ਲੁਟੇਰਿਆਂ ਨੇ ਕਰਮਚਾਰੀ ਵੱਲੋਂ ਪੈਸੇ ਮੰਗਣ 'ਤੇ ਹਵਾਈ ਫਾਇਰ ਕਰਕੇ ਉਸ 'ਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਦੋ ਬਾਈਕਾਂ 'ਤੇ ਕਰੀਬ 5 ਨੌਜਵਾਨ ਪੈਟਰੋਲ ਪੰਪ ਆਏ ਅਤੇ ਪਹਿਲਾਂ 500-500 ਦਾ ਪੈਟਰੋਲ ਪੁਆਇਆ, ਫਿਰ ਜਦੋਂ ਪੈਟਰੋਲ ਪੰਪ ਦੇ ਕਰਮਚਾਰੀ ਨੇ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੈਟਰੋਲ ਪੰਪ ਦੇ ਕਰਮਚਾਰੀ ਬ੍ਰਜੇਸ਼ ਕੁਮਾਰ ਨੇ ਬਾਈਕ ਸਵਾਰਾਂ 'ਚੋਂ ਦੋ ਨੂੰ ਹੇਠਾਂ ਸੁੱਟ ਦਿੱਤਾ। ਇਸੇ ਦੌਰਾਨ ਦੂਜੇ ਬਾਈਕ ਸਵਾਰ ਨੌਜਵਾਨਾਂ 'ਚੋਂ ਇਕ ਨੇ ਦੇਸੀ ਕੱਟਾ ਕੱਢ ਕੇ 2 ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਹੇਠਾਂ ਡਿੱਗੇ ਹੋਏ ਨੌਜਵਾਨ ਨੇ ਬ੍ਰਜੇਸ਼ ਕੁਮਾਰ 'ਤੇ ਚਾਕੂ ਨਾਲ ਵਾਰ ਕਰ ਦਿੱਤੇ। ਬ੍ਰਜੇਸ਼ ਦੇ ਪੇਟ ਅਤੇ ਲੱਤ 'ਤੇ ਕੱਟ ਲੱਗ ਗਏ। ਇਸ ਤੋਂ ਬਾਅਦ ਸਾਰੇ ਲੁਟੇਰੇ ਉਥੋਂ ਭੱਜਣ 'ਚ ਕਾਮਯਾਬ ਰਹੇ। ਇਹ ਸਾਰੀ ਵਾਰਦਾਤ ਪੈਟਰੋਲ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ।


ਜ਼ਿਕਰਯੋਗ ਹੈ ਕਿ ਇਹ ਇਲਾਕਾ ਰਾਮਾ-ਮੰਡੀ ਥਾਣਾ ਦੇ ਏਰੀਆ 'ਚ ਆਉਂਦਾ ਹੈ ਪਰ ਨੇੜੇ ਹੀ ਰਾਊਂਡ ਲਗਾ ਰਹੇ ਥਾਣਾ ਬਾਰਾਦਰੀ ਦੇ ਐੱਸ. ਐੱਚ. ਓ. ਬਲਬੀਰ ਸਿੰਘ ਪੁਲਸ ਬਲ ਦੇ ਨਾਲ ਮੌਕੇ 'ਤੇ ਪਹੁੰਚੇ। ਬਾਅਦ 'ਚ ਰਾਮਾਮੰਡੀ ਦੇ ਐੱਸ. ਐੱਚ. ਓ. ਰਾਜੇਸ਼ ਠਾਕੁਰ ਵੀ ਮੌਕੇ 'ਤੇ ਪਹੁੰਚੇ। ਇਹ ਸਾਰੀ ਘਟਨਾ ਪੈਟਰੋਲ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਜਿਸ ਸਮੇਂ ਇਹ ਵਾਰਦਾਤ ਹੋਈ ਉਸ ਸਮੇਂ ਪੈਟਰੋਲ ਪੰਪ 'ਤੇ 5 ਮੁਲਾਜ਼ਮ ਸਨ। ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਚੈਕਿੰਗ ਕਰਕੇ ਮੋਟਰਸਾਈਕਲ ਦੇ ਨੰਬਰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।