''ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਪੰਥ ਉਪਰ ਕੀਤੇ ਜਾ ਰਹੇ ਹਨ ਬਾਹਰੀ ਤੇ ਅੰਦਰੂਨੀ ਹਮਲੇ''

10/21/2017 6:08:40 AM

ਭਿੱਖੀਵਿੰਡ/ਬੀੜ ਸਾਹਿਬ  (ਭਾਟੀਆ, ਬਖਤਾਵਰ, ਲਾਲੂਘੁੰਮਣ, ਅਮਨ, ਸੁਖਚੈਨ) - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰਾਂ 'ਚੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਬੰਦੀ ਛੋੜ ਦਿਵਸ 'ਤੇ ਵੀਰਵਾਰ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦਆਰਾ ਜਨਮ ਅਸਥਾਨ ਪਹੁਵਿੰਡ (ਤਰਨਤਾਰਨ) ਤੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ, ਜਿਸ ਉਪਰੰਤ ਉਨ੍ਹਾਂ ਨੂੰ ਪੁਲਸ ਨੇ ਤੁਰੰਤ ਹਿਰਾਸਤ 'ਚ ਲੈ ਲਿਆ ਤੇ ਦੇਰ ਸ਼ਾਮ ਰਿਹਾਅ ਕਰ ਦਿੱਤਾ। ਜਥੇਦਾਰ ਮੰਡ ਨੇ ਕੌਮ ਦੇ ਨਾਂ ਜਾਰੀ ਸੰਦੇਸ਼ 'ਚ ਦੇਸ਼-ਵਿਦੇਸ਼ 'ਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਸਿੱਖ ਸੰਗਤਾਂ ਨੇ ਖੁਸ਼ੀ 'ਚ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਸੀ ਪਰ ਅਜੋਕੇ ਸਮੇਂ 'ਚ ਸਿੱਖ ਵਿਰੋਧੀ ਸਰਕਾਰਾਂ ਤੇ ਉਨ੍ਹਾਂ ਦੇ ਜੋਟੀਦਾਰਾਂ ਵੱਲੋਂ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਪੰਥ ਉਪਰ ਬਾਹਰੀ ਤੇ ਅੰਦਰੂਨੀ ਹਮਲੇ ਕੀਤੇ ਜਾ ਰਹੇ ਹਨ।
 ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ ਕਰਨ ਦਾ ਹੁਕਮਨਾਮਾ ਜਾਰੀ ਕਰਨ 'ਤੇ ਸਿੱਖ ਕੌਮ ਵਿਰੋਧੀ ਸਰਗਰਮੀਆਂ ਕਰਨ ਵਾਲੇ ਕੁੜੀਮਾਰ, ਨੜੀਮਾਰ ਲੋਕਾਂ ਨੂੰ ਰਿਆਇਤਾਂ ਦੇਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਭ ਕੁਝ ਪਾਰਟੀਬਾਜ਼ੀ ਤਹਿਤ ਕੀਤਾ ਜਾ ਰਿਹਾ ਹੈ, ਜੋ ਸਿੱਖ ਕੌਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਸਮੇਤ ਹੋਰਨਾਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਮੰਗਦੀਆਂ ਸੰਗਤਾਂ ਉਪਰ ਗੋਲੀਆਂ ਚਲਾ ਕੇ ਸ਼ਹੀਦ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਦੀ ਲੋੜ ਹੈ, ਜੋ ਕਿ ਸਿੱਖ ਕੌਮ ਦੀ ਏਕਤਾ ਨਾਲ ਹੀ ਸੰਭਵ ਹੋ ਸਕਦੀ ਹੈ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਸਤਨਾਮ ਸਿੰਘ ਮਨਾਵਾਂ, ਜਥੇਦਾਰ ਹਰਪਾਲ ਸਿੰਘ ਬਲੇਰ ਆਦਿ ਹਾਜ਼ਰ ਸਨ। ਬਾਅਦ ਦੁਪਹਿਰ ਜਥੇਦਾਰ ਧਿਆਨ ਸਿੰਘ ਮੰਡ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੁਵਿੰਡ ਮੱਥਾ ਟੇਕਣ ਉਪਰੰਤ ਸੰਦੇਸ਼ ਪੜ੍ਹ ਕੇ ਜਦੋਂ ਸਮਾਪਤ ਕੀਤਾ ਤਾਂ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਭਿੱਖੀਵਿੰਡ ਪੁਲਸ ਨੇ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਦੀ ਅਗਵਾਈ ਹੇਠ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਚੌਕਸੀ ਵਜੋਂ ਹਿਰਾਸਤ 'ਚ ਲੈ ਲਿਆ। ਉਥੋਂ ਉਨ੍ਹਾਂ ਨੂੰ ਥਾਣਾ ਹਰੀਕੇ ਵਿਖੇ ਲੈ ਗਏ, ਜਿੱਥੇ ਦੇਰ ਰਾਤ ਉਨ੍ਹਾਂ ਦੇ ਸਾਥੀਆਂ ਸਮੇਤ ਉਨ੍ਹਾਂ ਨੂੰ ਛੱਡ ਦਿੱਤਾ ਗਿਆ।