ਲਾਲੀ ਮਜੀਠੀਆ ''ਤੇ ਚਲਾਈਆਂ ਗੋਲੀਆਂ, ਗੱਡੀ ਤੋੜੀ

10/12/2017 7:07:27 AM

ਅੰਮ੍ਰਿਤਸਰ/ਜੈਂਤੀਪੁਰ (ਪ੍ਰਵੀਨ ਪੁਰੀ/ਬਲਜੀਤ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ 'ਤੇ ਉਸ ਸਮੇਂ ਹਮਲਾ ਹੋ ਗਿਆ ਜਦੋਂ ਉਹ ਵਿਧਾਨ ਸਭਾ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਜੈਂਤੀਪੁਰ 'ਚ ਇਕ ਝਗੜੇ ਦੌਰਾਨ ਜ਼ਖਮੀ ਹੋਏ ਇਕ ਬੱਚੇ ਦਾ ਪਤਾ ਲੈਣ ਲਈ ਉਨ੍ਹਾਂ ਦੇ ਘਰ ਪੁੱਜੇ ਸਨ। ਇਸ ਤੋਂ ਪਹਿਲਾਂ ਕਰੀਬ ਸਵੇਰੇ 7.30 ਵਜੇ ਦੋਵਾਂ ਧਿਰਾਂ ਵਿਚ ਆਪਸੀ ਟਕਰਾਅ ਉਪਰੰਤ ਗੋਲੀਆਂ ਚੱਲੀਆਂ ਸਨ ਤੇ ਇੱਟਾਂ-ਰੋੜੇ ਵੀ ਇਕ-ਦੂਜੇ ਦੇ ਘਰ ਮਾਰੇ ਗਏ, ਇਸ ਦੌਰਾਨ ਇਕ ਬੱਚੇ ਨੂੰ ਛੱਰੇ ਵੱਜੇ।
ਸਵੇਰੇ 10.30 ਵਜੇ ਦੇ ਕਰੀਬ ਜਦੋਂ ਲਾਲੀ ਮਜੀਠੀਆ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਸਮਰਥਕ ਅਸ਼ੋਕ ਕੁਮਾਰ ਦੇ ਘਰ ਉਨ੍ਹਾਂ ਦੇ ਬੱਚੇ ਦਾ ਹਾਲ-ਚਾਲ ਪੁੱਛ ਰਹੇ ਸਨ ਤਾਂ ਇਕ ਵਾਰ ਫਿਰ ਦੁਬਾਰਾ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਕੁਝ ਵਿਅਕਤੀਆਂ ਵੱਲੋਂ ਉਸ ਘਰ 'ਤੇ ਦੁਬਾਰਾ ਹਮਲਾ ਕਰ ਦਿੱਤਾ ਗਿਆ, ਇਸ ਦੌਰਾਨ ਲਾਲੀ ਮਜੀਠੀਆ ਦੀ ਉਸ ਗੱਡੀ ਦੇ ਸ਼ੀਸ਼ੇ ਵੀ ਭੰਨ ਦਿੱਤੇ ਗਏ, ਜਿਸ ਵਿਚ ਬੈਠ ਕੇ ਉਹ ਉਥੇ ਆਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਰੇ ਮਾਮਲੇ 'ਤੇ ਥਾਣਾ ਕੱਥੂਨੰਗਲ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਮਲੇ ਲਈ ਬਿਕਰਮ ਮਜੀਠੀਆ ਜ਼ਿੰਮੇਵਾਰ : ਲਾਲੀ ਮਜੀਠੀਆ
ਪ੍ਰੈੱਸ ਕਾਨਫਰੰਸ ਦੌਰਾਨ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਨ੍ਹਾਂ 'ਤੇ ਸਾਰੇ ਮਾਮਲੇ ਨੂੰ ਵਿਗਾੜਨ ਲਈ ਹਮਲਾ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਵੇਰੇ ਰਜਿੰਦਰ ਕੁਮਾਰ ਜੈਂਤੀਪੁਰ ਜਿਸ ਨੂੰ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਸਰਕਾਰ ਸਮੇਂ ਜ਼ਿਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰਨ ਤੋਂ ਇਲਾਵਾ ਹੋਰ ਵੀ ਕਈ ਗੈਰ-ਕਾਨੂੰਨੀ ਕੰਮ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ, ਦਾ ਕੱਲ ਆਪਣੇ ਹੀ ਪਰਿਵਾਰ ਨਾਲ ਜ਼ਮੀਨ ਦੇ ਇਕ ਮਾਮਲੇ 'ਚ ਝਗੜਾ ਹੋ ਗਿਆ ਸੀ ਤੇ ਉਸੇ ਸਬੰਧ 'ਚ ਅੱਜ ਸਵੇਰੇ ਉਸ ਵੱਲੋਂ ਅਸ਼ੋਕ ਕੁਮਾਰ ਦੇ ਘਰ 'ਤੇ ਹਮਲਾ ਕੀਤਾ ਗਿਆ ਸੀ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਨ੍ਹਾਂ ਉਪਰ ਇਕ ਡੂੰਘੀ ਸਾਜ਼ਿਸ਼ ਤਹਿਤ ਹਮਲਾ ਕਰਵਾਇਆ ਗਿਆ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਵਿਅਕਤੀ ਦਾ ਚਿਹਰਾ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ ਜਿਸ ਦੀ ਸ਼ਹਿ 'ਤੇ ਉਨ੍ਹਾਂ ਉਪਰ ਜਾਨਲੇਵਾ ਹਮਲਾ ਹੋਇਆ ਹੈ।
ਲਾਲੀ ਨੇ ਲਲਕਾਰੇ ਮਾਰਦਿਆਂ ਭੀੜ ਨੂੰ ਉਕਸਾਇਆ : ਬਿਕਰਮ ਮਜੀਠੀਆ
ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਆਗੂ ਲਾਲੀ ਮਜੀਠੀਆ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਠਹਿਰਾਉਂਦਿਆਂ ਅਫ਼ਸੋਸ ਜਤਾਇਆ ਕਿ ਲਾਲੀ ਜੈਂਤੀਪੁਰ ਦੇ 2 ਭਰਾਵਾਂ ਦੇ ਪਰਿਵਾਰਕ ਝਗੜੇ ਦਾ ਲਾਹਾ ਪਿੰਡ ਵਿਚ ਆਪਣੇ ਸਿਆਸੀ ਪੈਰ ਜਮਾਉਣ ਲਈ ਲੈ ਰਿਹਾ ਹੈ। ਪ੍ਰੋ. ਸਰਚਾਂਦ ਸਿੰਘ ਅਨੁਸਾਰ ਮਜੀਠੀਆ ਨੇ ਕਿਹਾ ਕਿ ਲਾਲੀ ਉਨ੍ਹਾਂ ਹੱਥੋਂ 4 ਵਾਰ ਦੀ ਹਾਰ ਤੋਂ ਬੌਖਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਝਗੜੇ ਵਾਲਾ ਸਮੁੱਚਾ ਪਰਿਵਾਰ ਅਤੇ ਪੂਰਾ ਹਲਕਾ ਉਨ੍ਹਾਂ ਦਾ ਸਮਰਥਕ ਹੈ। ਲਾਲੀ ਨੇ ਹਰ ਵਾਰ ਇਥੋਂ ਜ਼ਬਰਦਸਤ ਹਾਰ ਦਾ ਸਾਹਮਣਾ ਕੀਤਾ ਹੈ। ਇਸ ਵਾਰ ਉਹ ਇਕ ਧਿਰ ਨੂੰ ਵਰਗਲਾ ਕੇ ਪਿੰਡ 'ਚ ਆਪਣੀ ਥਾਂ ਬਣਾਉਣ ਲਈ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਪਰਿਵਾਰ ਉਸ ਦੇ ਸਮਰਥਕ ਹਨ ਪਰ ਲਾਲੀ ਨੇ ਜਾ ਕੇ ਪਰਿਵਾਰਕ ਝਗੜੇ ਨੂੰ ਸਿਆਸੀ ਰੰਗਤ ਦੇਣ ਦੀ ਰਾਜਨੀਤੀ ਕੀਤੀ, ਜੇ ਕਿਸੇ ਦਾ ਪਤਾ ਲੈਣ ਜਾਣਾ ਸੀ ਤਾਂ ਫਿਰ ਆਪਣੇ ਨਾਲ 100-50 ਬੰਦੇ ਲਿਜਾਣ ਦੀ ਕੀ ਜ਼ਰੂਰਤ ਸੀ। ਸੱਚਾਈ ਇਹ ਹੈ ਕਿ ਲਾਲੀ ਖੁਦ ਇਕ ਧਿਰ ਬਣ ਕੇ ਗਿਆ। ਲਾਲੀ ਨੇ ਕੋਠੇ ਚੜ੍ਹ ਕੇ ਲਲਕਾਰੇ ਮਾਰਦਿਆਂ ਭੀੜ ਨੂੰ ਉਕਸਾਇਆ। ਬਲਦੀ 'ਤੇ ਤੇਲ ਪਾਉਣ ਦੇ ਕੰਮ ਨਾਲ ਝਗੜਾ ਵਧਿਆ ਅਤੇ ਦੋਵਾਂ ਪਾਸਿਓਂ ਗੋਲੀ ਚੱਲੀ, ਜਿਸ ਲਈ ਖੁਦ ਲਾਲੀ ਜ਼ਿੰਮੇਵਾਰ ਹੈ।