ਨੂਰਵਾਲਾ ਰੋਡ ''ਤੇ ਗੁੰਡਾਗਰਦੀ ਦਾ ਨੰਗਾ ਨਾਚ : ਕੋਰੀਅਰ ਬੁਆਏ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

04/20/2018 11:47:10 AM

ਲੁਧਿਆਣਾ (ਮਹੇਸ਼)- ਨੂਰਵਾਲਾ ਰੋਡ 'ਤੇ ਵੀਰਵਾਰ ਨੂੰ ਇਕ ਦਰਜਨ ਤੋਂ ਵੱਧ ਹਥਿਆਰਬੰਦ ਲੋਕਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਉਂਦੇ ਹੋਏ ਕੋਰੀਅਰ ਬੁਆਏਜ਼ 'ਤੇ ਹਮਲਾ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਨ੍ਹਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਰਸਤੇ ਵਿਚ ਖੜ੍ਹੀ ਐਕਟਿਵਾ ਨੂੰ ਹਟਾਉਣ ਲਈ ਕਿਹਾ ਸੀ। ਖੂਨ ਨਾਲ ਲੱਥਪਥ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਇਕ ਨੂੰ ਮੁੱਢਲੇ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ, ਜਦੋਂਕਿ ਦੂਸਰੇ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਭਰਤੀ ਕਰ ਲਿਆ ਗਿਆ। ਜ਼ਖਮੀਆਂ ਦੀ ਪਛਾਣ ਪੁਰਾਣੀ ਮਾਧੋਪੁਰੀ ਦੇ ਅਭਿਸ਼ੇਕ ਕੁਮਾਰ ਤੇ ਛਾਉਣੀ ਮੁਹੱਲੇ ਦੇ ਦੀਪਕ ਕੁਮਾਰ ਦੇ ਤੌਰ 'ਤੇ ਹੋਈ ਹੈ।
ਹਸਪਤਾਲ 'ਚ ਇਲਾਜ ਅਧੀਨ ਅਭਿਸ਼ੇਕ ਨੇ ਦੱਸਿਆ ਕਿ ਰੋਜ ਦੀ ਤਰ੍ਹਾਂ ਆਪਣੇ ਆਟੋ ਵਿਚ ਕੋਰੀਅਰ ਦੀ ਡਲਿਵਰੀ ਦੇਣ ਨੁਰਵਾਲਾ ਰੋਡ 'ਤੇ ਗਿਆ ਸੀ। ਜਦੋਂ ਉਹ ਇਕ ਗਲੀ ਵਿਚ ਦਾਖਲ ਹੋਇਆ ਤਾਂ ਰਸਤੇ ਵਿਚ ਐਕਟਿਵਾ ਖੜ੍ਹੀ ਸੀ, ਜਿਸ ਕਾਰਨ ਉਸ ਦਾ ਆਟੋ ਨਿਕਲ ਨਹੀਂ ਰਿਹਾ ਸੀ। ਇਸ 'ਤੇ ਉਸ ਨੇ ਹਾਰਨ ਵਜਾਇਆ ਤਾਂ ਇਕ ਘਰ ਤੋਂ ਭੜਕਿਆ ਹੋਇਆ ਇਕ ਲੜਕਾ ਬਾਹਰ ਆਇਆ। ਉਸ ਨਾਲ ਗਾਲੀ-ਗਲੋਚ ਕਰਨ ਲੱਗਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਗੁੰਡਾਗਰਦੀ ਦਿਖਾਉਂਦੇ ਹੋਏ ਉਸ ਨੂੰ ਆਟੋ ਤੋਂ ਬਾਹਰ ਖਿੱਚ ਲਿਆ ਅਤੇ ਆਪਣੇ ਇਕ ਦਰਜਨ ਤੋਂ ਵੱਧ ਸਾਥੀਆਂ ਨੂੰ ਬੁਲਾ ਲਿਆ, ਜੋ ਕਿ ਤੇਜ਼ਧਾਰ ਹਥਿਆਰ ਤੇ ਬੇਸਬਾਲ ਦੇ ਡੰਡਿਆਂ ਨਾਲ ਲੈਸ ਸਨ, ਜਿਨ੍ਹਾਂ ਨੇ ਆਉਂਦੇ ਹੀ ਉਸ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦਾ ਰੌਲਾ ਸੁਣ ਕੇ ਇਕੱਠੇ ਹੋਏ ਇਲਾਕੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਉਸ ਨੂੰ ਬਦਮਾਸ਼ਾਂ ਦੇ ਚੁੰਗਲ 'ਚੋਂ ਛੁਡਾਇਆ ਅਤੇ ਹਸਪਤਾਲ ਪਹੁੰਚਾਇਆ। ਉਸ ਨੇ ਦੱਸਿਆ ਕਿ ਇਸ ਸਬੰਧੀ ਇਲਾਕੇ ਦੀ ਪੁਲਸ ਕੋਲ ਸ਼ਿਕਾਇਤ ਕਰ ਦਿੱਤੀ ਹੈ।