ਸਰਕਾਰ ਦੀ ਇਕ ਗਲਤੀ ਵਾਇਰਸ ਨੂੰ ‘ਐਟਮ ਬੰਬ’ ਦੀ ਤਰ੍ਹਾਂ ਫੈਲਾਅ ਸਕਦੀ ਹੈ ਪੰਜਾਬ ’ਚ

03/31/2020 11:06:16 AM

ਅੰਮ੍ਰਿਤਸਰ (ਦਲਜੀਤ ਸ਼ਰਮਾ) - ਪੰਜਾਬ ਸਰਕਾਰ ਕੋਰੋਨਾ ਵਾਇਰਸ ਨੂੰ ਲੈ ਕੇ ਬਿਲਕੁੱਲ ਵੀ ਗੰਭੀਰ ਨਹੀਂ ਹੈ। ਸਰਕਾਰ ਦੀ ਇਕ ਗਲਤੀ ਕੋਰੋਨਾ ਦੇ ਵਾਇਰਸ ਨੂੰ ਐਟਮ ਬੰਬ ਦੀ ਤਰ੍ਹਾਂ ਪੰਜਾਬ ਵਿਚ ਫੈਲਾਅ ਸਕਦੀ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਮੋਰਚਰੀ ਤੋਂ ਹਰਭਜਨ ਸਿੰਘ ਦੀ ਮ੍ਰਿਤਕ ਦੇਹ ਨੂੰ ਅੱਜ ਲੈਣ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੇ ਸ਼ੱਕੀ ਮ੍ਰਿਤਕ ਦੇ ਪੁੱਤਰ ਨੂੰ ਭੇਜਿਆ ਗਿਆ, ਉਥੇ ਹੀ ਕਾਲਜ ਪ੍ਰਸ਼ਾਸਨ ਵੱਲੋਂ ਮੋਰਚਰੀ ਵਿਚ ਤਾਇਨਾਤ ਦਰਜਾ ਚਾਰ ਕਰਮਚਾਰੀ ਨੂੰ ਮ੍ਰਿਤਕ ਦੇਹ ਹੈਂਡਓਵਰ ਕਰਨ ਦੌਰਾਨ ਨਾ ਤਾਂ ਪੀ. ਪੀ. ਕਿੱਟ ਅਤੇ ਨਾ ਹੀ ਸੁਰੱਖਿਆ ਲਈ ਕੋਈ ਕਵਚ ਉਪਲੱਬਧ ਕਰਵਾਇਆ ਗਿਆ। ਬਿਨਾਂ ਸੁਰੱਖਿਆ ਕਵਚ ਦੇ ਡੈੱਡ ਬਾਡੀ ਨੂੰ ਐਂਬੂਲੈਂਸ ਵਿਚ ਪਾਉਣ ਦਾ ਜਦੋਂ ਦਰਜਾਚਾਰ ਕਰਮਚਾਰੀ ਨੇ ਵਿਰੋਧ ਕੀਤਾ ਤਾਂ ਹੁਸ਼ਿਆਰਪੁਰ ਦੇ ਨਾਇਬ ਤਹਿਸੀਲਦਾਰ ਨੇ ਆਪਣੇ ਲਈ ਲਿਆਂਦੀ ਗਈ ਕਿੱਟ ਦੇ ਕੇ ਉਸ ਨੂੰ ਮਨਾਇਆ। ਇਸ ਦੌਰਾਨ ਅਧਿਕਾਰੀ ਦੇ ਨਾਲ ਆਏ ਡਰਾਈਵਰ ਨੇ ਬਿਨਾਂ ਕਿੱਟ ਪਾ ਕੇ ਹਰਭਜਨ ਸਿੰਘ ਦੀ ਬਾਡੀ ਨੂੰ ਐਂਬੂਲੈਂਸ ਵਿਚ ਬਾਕੀ ਕਰਮਚਾਰੀਆਂ ਦੇ ਸਹਿਯੋਗ ਨਾਲ ਪਾਇਆ ।

ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਬੀਤੀ ਰਾਤ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਰਭਜਨ ਸਿੰਘ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਸੀ। ਆਈਸੋਲੇਸ਼ਨ ਵਾਰਡ ਤੋਂ ਮ੍ਰਿਤਕ ਦੇਹ ਨੂੰ ਮੋਰਚਰੀ ਤੱਕ ਪਹੁੰਚਾਉਣ ਲਈ ਪਹਿਲਾਂ ਤਾਂ ਪੁਲਸ ਵੱਲੋਂ ਬਾਡੀ ਨੂੰ ਰਿਸੀਵ ਨਹੀਂ ਕੀਤਾ ਗਿਆ, ਜਿਸ ਦੇ ਉਪਰੰਤ ਮੈਡੀਸਨ ਵਿਭਾਗ ਦੇ ਕਰਮਚਾਰੀਆਂ ਵੱਲੋਂ ਆਪਣੇ ਆਪ ਬਾਡੀ ਨੂੰ ਸੀਲ ਕਰਕੇ ਮੋਰਚਰੀ ਤੱਕ ਪਹੁੰਚਾਇਆ ਗਿਆ। ਪੰਜਾਬ ਸਰਕਾਰ ਵੱਲੋਂ ਹਰਭਜਨ ਸਿੰਘ ਦਾ ਸਸਕਾਰ ਹੁਸ਼ਿਆਰਪੁਰ ਦੇ ਪਿੰਡ ਮੋਰਾਂ ਵਾਲੀ ਵਿਚ ਕਰਵਾਉਣ ਲਈ ਉੱਥੋੋਂ ਨਾਇਬ ਤਹਿਸੀਲਦਾਰ ਧਰਮਿੰਦਰ ਸਿੰਘ ਦੀ ਅਗਵਾਈ ਵਿਚ ਇਕ ਪੁਲਸ ਟੀਮ ਨਾਲ ਉਸ ਦੇ ਕੋਰੋਨਾ ਵਾਇਰਸ ਦੇ ਸ਼ੱਕੀ ਸਪੁੱਤਰ ਗੁਰਦੀਪ ਸਿੰਘ ਨੂੰ ਭੇਜਿਆ ਗਿਆ। ਮੈਡੀਸਨ ਵਿਭਾਗ ਦੇ ਮੁਖੀ ਡਾਕਟਰ ਸ਼ਿਵਚਰਨ ਮ੍ਰਿਤਕ ਦੇਹ ਨੂੰ ਅਧਿਕਾਰੀ ਨੂੰ ਹੈਂਡਓਵਰ ਕਰਨ ਲਈ ਕਾਗਜ਼ੀ ਕਾਰਵਾਈ ਕਰ ਰਹੇ ਸਨ ਤਾਂ ਡਾਕਟਰ ਨੇ ਨਾਇਬ ਤਹਿਸੀਲਦਾਰ ਤੋਂ ਪੁੱਛਿਆ ਕਿ ਮ੍ਰਿਤਕ ਦਾ ਕੋਈ ਰਿਸ਼ਤੇਦਾਰ ਵੀ ਆਇਆ ਹੈ ਤਾਂ ਤਹਿਸੀਲਦਾਰ ਨੇ ਕਿਹਾ ਕਿ ਉਸ ਦਾ ਪੁੱਤਰ ਆਇਆ ਹੈ। ਉਸ ਦੀ ਵੀ ਰਿਪੋਰਟ ਕੋਰੋਨਾ ਟੈਸਟ ਕਰਵਾਉਣ ਲਈ ਭੇਜੀ ਗਈ ਹੈ। ਤਹਿਸੀਲਦਾਰ ਦੀ ਗੱਲ ਸੁਣ ਕੇ ਡਾਕਟਰ ਸ਼ਿਵਚਰਨ ਸਮੇਤ ਬਾਕੀ ਡਾਕਟਰ ਵੀ ਹੈਰਾਨ ਰਹਿ ਗਏ।

ਕਾਗਜ਼ੀ ਕਾਰਵਾਈ ਮੁਕੰਮਲ ਹੋਣ ਉਪਰੰਤ ਜਦੋਂ ਤਹਿਸੀਲਦਾਰ ਹਰਭਜਨ ਸਿੰਘ ਦੀ ਡੈੱਡ ਬਾਡੀ ਨੂੰ ਲੈਣ ਗਏ ਤਾਂ ਉੱਥੇ ਮੌਜੂਦ ਕਰਮਚਾਰੀ ਜਸਵੰਤ ਮਸੀਹ ਨੇ ਐਂਬੂਲੈਂਸ ਵਿਚ ਬਾਡੀ ਨੂੰ ਚਡ਼੍ਹਾਉਣ ਤੋਂ ਮਨ੍ਹਾ ਕਰ ਦਿੱਤਾ। ਕਰਮਚਾਰੀ ਦਾ ਕਹਿਣਾ ਸੀ ਕਿ ਨਾ ਤਾਂ ਉਸ ਦੇ ਕੋਲ ਕੋਈ ਸੁਰੱਖਿਆ ਕਵਚ ਹੈ ਅਤੇ ਨਾ ਹੀ ਪੀ. ਪੀ. ਕਿੱਟ ਹੈ। ਇਹ ਗੱਲ ਸੁਣ ਕੇ ਤਹਿਸੀਲਦਾਰ ਧਰਮਿੰਦਰ ਸਿੰਘ ਵੱਲੋਂ ਆਪਣੇ ਲਈ ਲਿਆਂਦੀ ਗਈ ਕਿੱਟ ਕਰਮਚਾਰੀ ਨੂੰ ਦਿੱਤੀ ਗਈ ਅਤੇ ਮ੍ਰਿਤਕ ਦੇਹ ਨੂੰ ਗੱਡੀ ਵਿਚ ਚਡ਼੍ਹਾਉਣ ਲਈ ਅਪੀਲ ਕੀਤੀ ਗਈ। ਹਰਭਜਨ ਸਿੰਘ ਦੀ ਬਾਡੀ ਇੰਨੀ ਭਾਰੀ ਹੋ ਚੁੱਕੀ ਸੀ ਕਿ ਦਰਜਾਚਾਰ ਕਰਮਚਾਰੀ ਅਤੇ ਏ. ਐੱਸ. ਆਈ. ਵੱਲੋਂ ਨਹੀਂ ਚੁੱਕੀ ਜਾ ਰਹੀ ਸੀ। ਜਿਸ ਉਪਰੰਤ ਤਹਿਸੀਲਦਾਰ ਦੇ ਕਾਰ ਡਰਾਈਵਰ, ਜਿਸਨੇ ਪੀ. ਪੀ. ਕਿੱਟ ਨਹੀਂ ਪਾਈ ਹੋਈ ਸੀ, ਉਹ ਵੀ ਸਹਿਯੋਗ ਲਈ ਆ ਗਿਆ ਅਤੇ ਭਾਰੀ ਮੁਸ਼ੱਕਤ ਦੇ ਬਾਅਦ ਡੈੱਡ ਬਾਡੀ ਨੂੰ ਗੱਡੀ ’ਚ ਰੱਖਿਆ ਗਿਆ।

 ਮੁੱਖ ਮੰਤਰੀ ਨੂੰ ਟਵੀਟ ਕਰਨ ਵਾਲੀ ਮਹਿਲਾ ਡਾਕਟਰ ਸਮੇਤ ਹੋਰ ਲੋਕਾਂ ਦੇ ਟੈਸਟ ਆਏ ਨੈਗੇਟਿਵ
ਮੁੱਖ ਮੰਤਰੀ ਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ ਲਈ ਟਵੀਟ ਕਰਨ ਵਾਲੀ ਭਾਰਤੀ ਮਹਿਲਾ ਡਾਕਟਰ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਇਲਾਵਾ ਮੈਡੀਸਨ ਵਿਭਾਗ ਦੀ ਇਕ ਹੋਰ ਡਾਕਟਰ ਦਾ ਲਿਆ ਗਿਆ ਸੈਂਪਲ ਵੀ ਨੈਗੇਟਿਵ ਆਇਆ ਹੈ। ਇਸ ਤੋਂ ਪਹਿਲਾਂ ਸੁਲਤਾਨਵਿੰਡ ਰੋਡ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਵੀ ਟੈਸਟ ਲਿਆ ਗਿਆ ਸੀ, ਉਹ ਵੀ ਨੈਗੇਟਿਵ ਆਇਆ ਹੈ।

ਮੋਰਚਰੀ ਵਿਚ ਤਾਇਨਾਤ ਕਰਮਚਾਰੀ ਨੇ ਕਿਹਾ- ਮੈਂ ਹਾਂ ਮਾਲੀ, ਕੰਮ ਕਰਵਾ ਰਹੇ ਹਨ ਦਰਜਾ ਚਾਰ ਕਰਮਚਾਰੀ ਦਾ
ਮੋਰਚਰੀ ਵਿਚ ਤਾਇਨਾਤ ਕਰਮਚਾਰੀ ਜਸਵੰਤ ਮਸੀਹ ਨੇ ਜਗ ਬਾਣੀ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਗਜ਼ਾਂ ਵਿਚ ਉਹ ਮਾਲੀ ਹੈ, ਪਰ ਹਸਪਤਾਲ ਪ੍ਰਸ਼ਾਸਨ ਵਲੋਂ ਉਸ ਤੋਂ ਦਰਜਾ ਚਾਰ ਕਰਮਚਾਰੀਆਂ ਵਾਲਾ ਕੰਮ ਲਿਆ ਜਾ ਰਿਹਾ ਹੈ। ਮੋਰਚਰੀ ਵਿਚ ਨਿਯਮਾਂ ਅਨੁਸਾਰ ਉਸ ਦੀ ਡਿਊਟੀ ਨਹੀਂ ਬਣਦੀ ਪਰ ਫਿਰ ਵੀ ਉਸ ਤੋਂ ਕੰਮ ਲਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਬਿਨਾਂ ਪੀ. ਪੀ. ਕਿੱਟ ਅਤੇ ਸੁਰੱਖਿਆ ਕਵਚ ਦੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਨੂੰ ਉਹ ਕਿਵੇਂ ਚੁੱਕ ਸਕਦੇ ਹਨ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
 

rajwinder kaur

This news is Content Editor rajwinder kaur