ਵਿਧਾਨ ਸਭਾ ਚੋਣਾਂ ਸਿਖਰਾਂ ’ਤੇ, ਸਿਆਸੀ ਆਗੂ ਕੋਰੋਨਾ ਨਿਯਮਾਂ ਦੀਆਂ ਉਡਾ ਰਹੇ ਨੇ ਸ਼ਰੇਆਮ ਧੱਜੀਆਂ

01/18/2022 1:24:38 PM

ਅੰਮ੍ਰਿਤਸਰ (ਦਲਜੀਤ) - ਵਿਧਾਨ ਸਭਾ ਚੋਣਾਂ ਸਿਖ਼ਰਾਂ ’ਤੇ ਹਨ ਅਤੇ ਕੋਰੋਨਾ ਮਹਾਮਾਰੀ ਬੀਮਾਰੀ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਕੁਝ ਸਿਆਸੀ ਆਗੂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਬਿਨਾਂ ਮਾਸਕ ਦੇ ਜਿੱਥੇ ਸਿਆਸੀ ਆਗੂ ਲੋਕਾਂ ਵਿਚ ਵਿਚਰ ਰਹੇ ਹਨ, ਉਥੇ ਹੀ ਸਮਾਜਿਕ ਦੂਰੀ ਦਾ ਵੀ ਬਿਲਕੁਲ ਧਿਆਨ ਨਹੀਂ ਰੱਖ ਰਹੇ। ਸੋਮਵਾਰ ਨੂੰ 555 ਲੋਕ ਨਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦੋਂਕਿ 2 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜੋ ਕੋਰੋਨਾ ਤੋਂ ਪੀੜਤ ਸਨ। ਇਨ੍ਹਾਂ ’ਚੋਂ 470 ਮਰੀਜ਼ ਕੰਮਿਊਨਿਟੀ ਤੋਂ ਹਨ, ਜਿਨ੍ਹਾਂ ਦੇ ਵਿਸ਼ੇ ਵਿਚ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਕਿਸ ਦੇ ਸੰਪਰਕ ਵਿਚ ਆਉਣ ਨਾਲ ਪੀੜਤ ਪਾਏ ਗਏ ਹਨ, ਉਥੇ ਹੀ 85 ਕਾਂਟੇਕਟ ਤੋਂ ਹੈ। ਇਸ ਦੇ ਨਾਲ ਹੀ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 3988 ਜਾ ਪਹੁੰਚੀ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਦੀ ਰੋਕਥਾਮ ਲਈ ਜ਼ਿਲ੍ਹੇ ਵਿਚ ਪ੍ਰਸ਼ਾਸਨ ਵਲੋਂ ਐਪੀਡੇਮਿਕ ਐਕਟ ਲਗਾਇਆ ਗਿਆ ਹੈ ਪਰ ਇਸ ਐਕਟ ਦੀ ਪਾਲਣਾ ਕੁਝ ਸਿਆਸੀ ਆਗੂ ਖੁਦ ਨਹੀਂ ਕਰ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਗ੍ਰਹਿ ਵਿਖੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਨਾ ਤਾਂ ਸਿੱਧੂ ਨੇ ਅਤੇ ਨਾ ਹੀ ਉਨ੍ਹਾਂ ਦੇ ਸਮਰੱਥਕਾਂ ਨੇ ਮਾਸਕ ਪਾਏ ਹੋਏ ਸਨ। ਇਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਕੋਰੋਨਾ ਤੋਂ ਵਿਸ਼ੇਸ਼ ਛੋਟ ਦਿੱਤੀ ਹੋਈ ਹੈ। 

ਇਸ ਦੌਰਾਨ ਪਿਛਲੇ ਦਿਨੀਂ ਐਪੀਡੇਮਿਕ ਐਕਟ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਹੁਣ ਕਾਂਗਰਸ ਦੇ ਆਗੂ ਦੀ ਤਰ੍ਹਾਂ ਹੋਰ ਪਾਰਟੀਆਂ ਦੇ ਆਗੂ ਕੋਰੋਨਾਂ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਉੱਧਰ ਦੂਜੇ ਪਾਸੇ ਐਤਵਾਰ ਨੂੰ 2 ਕੋਰੋਨਾ ਪੀੜਤ ਜਨਾਨੀਆਂ ਦੀ ਮੌਤ ਹੋ ਗਈ। 57 ਸਾਲ ਦੀ ਮਹਿਲਾ ਬਸੰਤ ਐਵੇਨਿਊ ਦੀ ਵਾਸੀ ਸੀ, ਜਦੋਂਕਿ 70 ਸਾਲਾ ਇਕ ਹੋਰ ਜਨਾਨੀ ਤਿਲਕ ਨਗਰ ਦੀ ਰਹਿਣ ਵਾਲੀ ਸੀ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ 4 ਚਾਰ ਬੱਚੇ ਵੀ ਦਾਖਲ ਹੋਏ ਹਨ। ਇਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈ।

25183 ਲੋਕਾਂ ਨੇ ਪਾਇਆ ਸੁਰੱਖਿਆ ਟੀਕਾਕਰਨ
ਜ਼ਿਲ੍ਹੇ ਵਿਚ 24 ਲੱਖ ਦੇ ਕਰੀਬ ਲੋਕਾਂ ਦਾ ਕੋਰੋਨਾ ਟੀਕਾਕਰਨ ਹੋ ਚੁੱਕਾ ਹੈ। ਅੰਮ੍ਰਿਤਸਰ ਵਿਚ ਸੋਮਵਾਰ ਨੂੰ 25183 ਲੋਕਾਂ ਨੇ ਕੋਰੋਨਾ ਵੈਕਸੀਨ ਲਵਾਈ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਵੈਕਸੀਨ ਲਗਵਾਉਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਲੋਕ ਖੁਦ ਅੱਗੇ ਆ ਕੇ ਵੈਕਸੀਨ ਲਵਾ ਰਹੇ ਹਨ। ਜ਼ਿਲ੍ਹੇ ਵਿਚ ਕਰੀਬ 28 ਲੱਖ ਦੇ ਕਰੀਬ ਜਨਸੰਖਿਆ ਹੈ, ਜਿਨ੍ਹਾਂ ਵਿਚੋਂ 24 ਲੱਖ ਲੋਕਾਂ ਨੇ ਕੋਰੋਨਾ ਵੈਕਸੀਨ ਦਾ ਟੀਕਾਕਰਨ ਕਰਵਾ ਲਿਆ ਹੈ।


ਮਰੀਜ਼ਾਂ ’ਚ ਦਿੱਖਣ ਲੱਗੇ ਓਮੀਕ੍ਰੋਨ ਦੇ ਲੱਛਣ
ਜ਼ਿਲ੍ਹੇ ਵਿਚ ਜਿਸ ਤਰ੍ਹਾਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਸੇ ਤਰ੍ਹਾਂ ਮਰੀਜ਼ਾਂ ਵਿਚ ਓਮੀਕ੍ਰੋਨ ਦੇ ਲੱਛਣ ਦਿੱਖਣ ਲੱਗੇ ਹਨ, ਜਿਵੇਂ ਖੰਘ, ਜੁਕਾਮ, ਬੁਖਾਰ ਆਦਿ ਲੱਛਣ ਓਮੀਕ੍ਰੋਨ ਦੇ ਹਨ। ਸਿਹਤ ਵਿਭਾਗ ਵਲੋਂ ਭਾਵੇ ਹੁਣ ਤੱਕ ਕਿਸੇ ਮਰੀਜ਼ ਦਾ ਓਮੀਕ੍ਰੋਨ ਦਾ ਟੈਸਟ ਨਹੀਂ ਕਰਵਾਇਆ ਗਿਆ ਪਰ ਮਾਹਿਰਾਂ ਵਲੋਂ ਜੋ ਲੱਛਣ ਓਮੀਕ੍ਰੋਨ ਦੇ ਦੱਸੇ ਜਾ ਰਹੇ ਹਨ, ਮਰੀਜ਼ਾਂ ਵਿਚ ਉਹੀ ਦੇਖਣ ਨੂੰ ਮਿਲ ਰਹੇ ਹਨ। ਲੋਕਾਂ ਨੇ ਜੇਕਰ ਹੁਣ ਵੀ ਸਾਵਧਾਨੀਆਂ ਨਾ ਵਰਤੀਆਂ ਤਾਂ ਆਉਣ ਵਾਲੇ ਸਮੇਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

rajwinder kaur

This news is Content Editor rajwinder kaur