ਸੰਗਰੂਰ ''ਚ ਡ੍ਰੇਨ ਕੋਲੋਂ 25 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

09/21/2017 4:21:01 PM

ਸੰਗਰੂਰ (ਰਾਜੇਸ਼ ਕੋਹਲੀ, ਹਨੀ ਕੋਹਲੀ) — ਜ਼ਿਲਾ ਸੰਗਰੂਰ ਦੇ ਪਿੰਡ ਮਹਿਲਾ ਚੌਂਕ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦ ਉਥੋਂ ਲੰਘਦੀ ਡ੍ਰੇਨ ਦੇ ਕਿਨਾਰਿਓਂ ਇਕ 25 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਪੁਲਸ ਨੂੰ ਸ਼ੱਕ ਹੈ ਕਿ ਕਿਸੇ ਨੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀਆਂ ਤਿੰਨ ਭੈਣਾਂ ਹਨ।
ਮਹਿਲਾ ਥਾਣਾ ਦੇ ਐੱਸ. ਐੱਚ. ਓ ਸਾਹਿਬ ਸਿੰਘ ਨੇ ਦੱਸਿਆ ਕਿ ਇਕ ਪਿੰਡ ਦੇ ਸਰਪੰਚ ਨੇ ਫੋਨ ਕਰਕੇ ਇਕ ਨੌਜਵਾਨ ਦੀ ਲਾਸ਼ ਡ੍ਰੇਨ ਦੀ ਪਟੜੀ 'ਤੇ ਪਏ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚਣ 'ਤੇ ਪੁਲਸ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਨੌਜਵਾਨ ਦੀ ਪਹਿਚਾਣ ਮੁਕੇਸ਼ ਕੁਮਾਰ ਸ਼ਰਮਾ ਦੇ ਰੂਪ 'ਚ ਹੋਈ ਹੈ ਜੋ ਕਿ ਆਪਣੇ ਨਾਨਕੇ ਪਿੰਡ ਜੋ ਮਹਿਲਾ ਚੌਂਕ 'ਚ ਰਹਿੰਦੇ ਹਨ, ਕੋਲ ਕਾਫੀ ਲੰਮੇ ਸਮੇਂ ਤੋਂ ਰਹਿ ਰਿਹਾ ਸੀ।
ਉਥੇ ਹੀ ਮ੍ਰਿਤਕ ਦੀ ਮਾਸੀ ਨੀਲਮ ਨੇ ਸ਼ੱਕ ਪ੍ਰਗਟਾਇਆ ਹੈ ਕਿ ਕਿਸੇ ਨੇ ਬੇਰਹਿਮੀ ਨਾਲ ਮੁਕੇਸ਼ ਦਾ ਕਤਲ ਕੀਤਾ ਹੈ। ਉਸ ਨੇ ਮੰਗ ਕੀਤੀ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।