ASI ਰੇਨੂੰ ਬਾਲਾ, ਪਤੀ ਸੁਰਿੰਦਰ ਸਿੰਘ ਅਤੇ ਸਾਥੀ ਲਿਆ ਰਿਮਾਂਡ ''ਤੇ, ਪੁੱਛਗਿੱਛ ਜਾਰੀ

11/01/2019 10:45:56 AM

ਪੱਟੀ (ਸੌਰਭ) : ਪੱਟੀ ਨਾਰਕੋਟਿਕ ਸੈੱਲ ਨੇ 29 ਅਕਤੂਬਰ ਨੂੰ ਪਟਿਆਲਾ ਦੇ ਅਰਬਨ ਅਸਟੇਟ ਥਾਣੇ 'ਚ ਨਿਯੁਕਤ ਇਕ ਮਹਿਲਾ ਏ. ਐੱਸ. ਆਈ. ਰੇਨੂੰ ਬਾਲਾ ਨੂੰ ਪੱਟੀ ਦੇ ਬੱਸ ਸਟੈਂਡ ਨੇੜਿਓਂ 50 ਗ੍ਰਾਮ ਹੈਰੋਇਨ ਨਾਲ ਬੀਤੀ ਰਾਤ ਉਸਦੇ ਸਾਥੀ ਨਿਸ਼ਾਨ ਸਿੰਘ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਬਾਰੇ ਡੀ. ਐੱਸ. ਪੀ. ਪੱਟੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰੇਨੂੰ ਬਾਲਾ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਉਹ ਆਪਣੇ ਪਤੀ ਏ. ਐੱਸ. ਆਈ. ਸੁਰਿੰਦਰ ਸਿੰਘ ਕੋਲੋਂ ਲੈ ਕੇ ਆਈ ਸੀ। ਰੇਨੂੰ ਬਾਲਾ ਦੀ ਜਾਣਕਾਰੀ 'ਤੇ ਉਸਦੇ ਪਤੀ ਸੁਰਿੰਦਰ ਸਿੰਘ ਨੂੰ ਪੱਟੀ ਪੁਲਸ ਵਲੋਂ ਪਟਿਆਲਾ ਤੋਂ ਕਾਬੂ ਕਰ ਕੇ ਪੱਟੀ ਲਿਆ ਕੇ ਅਦਾਲਤ 'ਚ ਪੇਸ਼ ਕਰਕੇ ਉਸਦਾ 2 ਦਿਨ ਦਾ ਰਿਮਾਂਡ ਹਾਸਲ ਕਰਕੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਪੱਟੀ ਨੇ ਦੱਸਿਆ ਕਿ ਸੁਰਿੰਦਰ ਸਿੰਘ 2011-2012 'ਚ ਕੁਝ ਸਮਾਂ ਇਸ ਏਰੀਏ 'ਚ ਤਾਇਨਾਤ ਰਿਹਾ ਸੀ, ਜਿਸ ਕਰਕੇ ਉਸਦੇ ਸਬੰਧ ਨਿਸ਼ਾਨ ਸਿੰਘ ਬਣ ਗਏ ਸਨ। ਡੀ. ਐੱਸ. ਪੀ. ਅਨੁਸਾਰ ਇਨ੍ਹਾਂ ਦੇ ਹੋਰ ਕਿਹੜੇ ਲੋਕਾਂ ਨਾਲ ਸਬੰਧ ਸਨ ਉਸਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੱਟੀ ਨਿਵਾਸੀ ਨਿਸ਼ਾਨ ਸਿੰਘ ਜੋ ਕਿ ਲੇਬਰ ਦਾ ਕੰਮ ਕਰਦਾ ਹੈ ਨਾਲ ਇਨ੍ਹਾਂ ਦੇ ਕਾਫੀ ਪੁਰਾਣੇ ਸਬੰਧ ਸਨ ਜੋ ਕਿ ਨਸ਼ੇ ਦੀ ਸਪਲਾਈ ਕਰਕੇ ਬਣੇ ਸਨ ਅਤੇ ਹੁਣ ਤੱਕ ਜਾਰੀ ਸਨ ਅਤੇ ਇਸ ਵਾਰ ਵੀ ਇਹ ਮਹਿਲਾ ਪੁਲਸ ਅਧਿਕਾਰੀ ਉਸ ਨੂੰ ਨਸ਼ੇ ਦੀ ਸਪਲਾਈ ਦੇਣ ਲਈ ਇੱਥੇ ਮਿਲਣ ਦੇ ਲਈ ਪੱਟੀ ਆਈ ਸੀ, ਜਿੱਥੇ ਪੁਲਸ ਦੇ ਨਾਰਕੋਟਿਕ ਸੈੱਲ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੁਣ ਪੁੱਛਗਿੱਛ 'ਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Baljeet Kaur

This news is Content Editor Baljeet Kaur