ਮਨੀਮਾਜਰਾ ਥਾਣੇ ਦੇ ASI ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

02/09/2023 12:55:50 PM

ਚੰਡੀਗੜ੍ਹ (ਸੁਸ਼ੀਲ) : ਸੀ. ਬੀ. ਆਈ. ਦੀ ਐਂਟੀ ਕੁਰੱਪਸ਼ਨ ਬ੍ਰਾਂਚ ਨੇ ਮਨੀਮਾਜਰਾ ਪੁਲਸ ਥਾਣੇ 'ਚ ਤਾਇਨਾਤ ਏ. ਐੱਸ. ਆਈ. ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਏ. ਐੱਸ. ਆਈ. ਦੀ ਪਛਾਣ ਬਲਕਾਰ ਸਿੰਘ ਵਜੋਂ ਹੋਈ ਹੈ। ਉਹ ਕੁੜੀ ਵਲੋਂ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ  ਜ਼ਮਾਨਤ ’ਤੇ ਆਏ ਪ੍ਰੇਮੀ ਨੂੰ ਕੇਸ 'ਚੋਂ ਕੱਢਣ ਦੇ ਨਾਂ ’ਤੇ 50 ਹਜ਼ਾਰ ਰੁਪਏ ਮੰਗ ਰਿਹਾ ਸੀ। ਸੀ. ਬੀ. ਆਈ. ਨੇ ਗੁਰਪ੍ਰੀਤ ਦੀ ਸ਼ਿਕਾਇਤ ’ਤੇ ਏ. ਐੱਸ. ਆਈ. ਬਲਕਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ।

ਸੀ. ਬੀ. ਆਈ. ਦੀ ਟੀਮ ਵੱਲੋਂ ਏ. ਐੱਸ. ਆਈ. ਦੇ ਘਰ ਸਰਚ ਕੀਤੀ ਗਈ। ਸ਼ਿਕਾਇਤਕਰਤਾ ਸਮਾਧੀ ਗੇਟ ਨਿਵਾਸੀ ਗੁਰਪ੍ਰੀਤ ਨੇ ਸੀ. ਬੀ. ਆਈ. ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ 21 ਦਸੰਬਰ ਨੂੰ ਦਰਸ਼ਨ ਬਾਗ 'ਚ ਕੁੜੀ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕੀਤੀ ਸੀ। ਖ਼ੁਦਕੁਸ਼ੀ ਨੋਟ 'ਚ ਉਸਨੇ ਪ੍ਰੇਮੀ ਨੂੰ ਮੌਤ ਦਾ ਜ਼ਿੰਮੇਵਾਰ ਲਿਖਿਆ ਸੀ। ਮਨੀਮਾਜਰਾ ਥਾਣਾ ਪੁਲਸ ਨੇ 24 ਦਸੰਬਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਕੁੱਝ ਦਿਨ ਪਹਿਲਾਂ ਉਸ ਦੀ ਜ਼ਮਾਨਤ ਹੋਈ ਸੀ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਕਾਰ ਸਿੰਘ ਨੇ ਉਸ ਨੂੰ ਬੁਲਾਇਆ ਅਤੇ ਕੇਸ 'ਚੋਂ ਬਾਹਰ ਕੱਢਣ ਦੇ ਨਾਂ ’ਤੇ 50 ਹਜ਼ਾਰ ਦੀ ਮੰਗ ਕੀਤੀ।

ਬਲਕਾਰ ਨੇ ਕਿਹਾ ਕਿ ਉਹ ਰੁਪਏ ਨਹੀਂ ਦੇਵੇਗਾ ਤਾਂ ਉਸ ਖ਼ਿਲਾਫ਼ ਠੋਸ ਸਬੂਤ ਪੇਸ਼ ਕੀਤੇ ਜਾਣਗੇ। ਸ਼ਿਕਾਇਤ ਮਿਲਣ ਤੋਂ ਬਾਅਦ ਸੀ. ਬੀ. ਆਈ. ਨੇ ਗੁਰਪ੍ਰੀਤ ਤੋਂ ਏ. ਐੱਸ. ਆਈ. ਬਲਕਾਰ ਨੂੰ ਫੋਨ ਕਰਵਾ ਕੇ ਰਿਸ਼ਵਤ ਦੀ ਪਹਿਲੀ ਕਿਸ਼ਤ ਦੇਣ ਦੀ ਜਗ੍ਹਾ ਸਬੰਧੀ ਪੁੱਛਿਆ। ਏ. ਐੱਸ. ਆਈ. ਨੇ ਗੁਰਪ੍ਰੀਤ ਨੂੰ ਰੁਪਏ ਲੈ ਕੇ ਮਨੀਮਾਜਰਾ ਪੁਲਸ ਥਾਣੇ ਸਥਿਤ ਆਪਣੇ ਰੂਮ 'ਚ ਬੁਲਾਇਆ। ਸੀ. ਬੀ. ਆਈ. ਨੇ ਮਨੀਮਾਜਰਾ ਪੁਲਸ ਥਾਣੇ 'ਚ ਟਰੈਪ ਲਾਇਆ ਹੋਇਆ ਸੀ। ਗੁਰਪ੍ਰੀਤ ਨੇ 25 ਹਜ਼ਾਰ ਦੀ ਨਕਦੀ ਏ. ਐੱਸ. ਆਈ. ਬਲਕਾਰ ਨੂੰ ਦਿੱਤੀ। ਉਸੇ ਸਮੇਂ ਸੀ. ਬੀ. ਆਈ. ਟੀਮ ਨੇ ਰੰਗੇ ਹੱਥੀਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।       
 

Babita

This news is Content Editor Babita