ਆਸ਼ੂ ਸਾਂਪਲਾ ਨੂੰ ਜਲਦੀ ਕੀਤਾ ਜਾਵੇ ਗ੍ਰਿਫਤਾਰ: ਕਾਂਗਰਸ

05/15/2017 5:40:00 PM

ਜਲੰਧਰ  ਕੁਝ ਦਿਨ੍ਹਾਂ ਤੋਂ ਅਖਬਾਰਾਂ ''ਚ ਆਸ਼ੂ ਸਾਂਪਲਾ ਵਿਰੁੱਧ ਮਿੰਟੀ ਕੌਰ ਦੀ ਦਰਖਾਸਤ ਦੇ ਸਬੰਧ ''ਚ ਖਬਰਾਂ ਆ ਰਹੀਆਂ ਹਨ। ਇਸ ਕੇਸ ਲਈ ਐਸ. ਆਈ. ਟੀ ਬਣਾ ਦਿੱਤੀ ਗਈ ਹੈ ਅਤੇ ਹਰ ਰੋਜ਼ ਦੀ ਤਫਤੀਸ਼ ਬਾਰੇ ਤੱਥ ਸਾਰੀਆਂ ਅਖਬਾਰਾਂ ''ਚ ਛੱਪ ਰਹੇ ਹਨ ਪਰ ਬਹੁਤ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਪਰਚਾ ਦਰਜ ਨਹੀਂ ਹੋਇਆ। ਸਾਰੀ ਜਨਤਾ ''ਚ ਇਹ ਰੌਲਾ ਪੈ ਰਿਹਾ ਹੈ ਕਿ ਦੋਸ਼ੀ ਕੇਂਦਰੀ ਮੰਤਰੀ ਦਾ ਭਤੀਜਾ ਹੈ ਅਤੇ ਪੁਲਸ ਖੁੱਲ੍ਹੇਆਮ ਉਸ ਦਾ ਪੱਖ ਕਰ ਰਹੀ ਹੈ। 

ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ, ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਵਿਜੈ ਸਾਂਪਲਾ ਦੇ ਭਤੀਜੇ ''ਤੇ ਨਿਊ ਜਵਾਹਰ ਨਗਰ ''ਚ ਰਹਿੰਦੀ ਮੂਲ ਰੂਪ ਤੋਂ ਮੁਕੇਰੀਆਂ (ਹੁਸ਼ਿਆਰਪੁਰ) ਨਿਵਾਸੀ ਇਕ ਲੜਕੀ ਵੱਲੋਂ ਜਬਰਨ ਸਰੀਰਕ ਸਬੰਧ ਬਣਾਉਣ ਦੇ ਲਗਾਏ ਗਏ ਗੰਭੀਰ ਦੋਸ਼ਾਂ ਦੇ ਮਾਮਲੇ ''ਚ ਸੋਮਵਾਰ ਨੂੰ ਕਾਂਗਰਸੀ ਨੇਤਾਵਾਂ ਨੇ ਡੀ. ਸੀ. ਪੀ. ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਸ਼ੂ ਵਿਰੁੱਧ ਕੇਸ ਦਰਜ ਕਰ ਕੇ ਜਲਦੀ ਤੋਂ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਇਸ ਮੌਕੇ ''ਤੇ ਮੁੱਖ ਤੌਰ ''ਤੇ ਕਾਂਗਰਸੀ ਨੇਤਾ ਜਗਦੀਸ਼, ਮੇਜਰ ਸਿੰਘ, ਸੁਰਿੰਦਰ ਸਿੰਘ ਆਦਿ ਪਹੁੰਚੇ।
ਕਾਲ ਡਿਟੇਲ ਨੂੰ ਖੰਗਾਲੇਗੀ ਐਸ. ਆਈ. ਟੀ. 
ਉਥੇ ਹੀ ਦੋਸ਼ਾਂ ਦੀ ਜਾਂਚ ਕਰ ਰਹੀ ਐਸ. ਆਈ. ਟੀ. ਦੀ ਪ੍ਰਮੁੱਖ ਆਈ. ਪੀ. ਐਸ. ਮਹਿਲਾ ਅਧਿਕਾਰੀ ਡੀ. ਸੁਡਰਵਿਜੀ ਨੇ ਕਿਹਾ ਕਿ ਐਸ. ਆਈ. ਟੀ. ਨੇ ਆਪਣੀ ਹੁਣ ਤੱਕ ਦੀ ਜਾਂਚ ਦੌਰਾਨ ਦੋਹਾਂ ਪੱਖਾਂ ਤੋਂ ਜੋ ਸਬੂਤ ਹਾਸਲ ਕੀਤੇ ਹਨ ਅਤੇ ਦੋਹਾਂ ਪੱਖਾਂ ਦੇ ਕਲਮਬੱਧ ਕੀਤੇ ਗਏ ਬਿਆਨਾਂ ਨੂੰ ਲੈ ਕੇ ਉਹ 15 ਮਈ ਸੋਮਵਾਰ ਤੋਂ ਆਪਣੇ ਪੱਧਰ ''ਤੇ ਡਿਸਕਸ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ ਐਸ. ਆਈ. ਟੀ. ''ਚ 2 ਅਤੇ ਅਧਿਕਾਰੀ ਏ. ਸੀ. ਪੀ. ਦੀਪਿਕਾ ਸਿੰਘ ਅਤੇ ਏ. ਸੀ. ਪੀ. ਸੁਰਿੰਦਰਪਾਲ ਧੋਗੜੀ ਵੀ ਸ਼ਾਮਲ ਹੈ। ਹੁਣ ਲੜਕੀ ਦੀ ਸ਼ਿਕਾਇਤ ''ਚ ਜੋ ਲੋਕ ਨਾਮਜ਼ਦ ਕਰਵਾਏ ਗਏ ਸਨ, ਉਨ੍ਹਾਂ ਸਾਰਿਆਂ ਨੂੰ ਬੁਲਾਂ ਕੇ ਐਸ. ਆਈ. ਟੀ. ਪੁੱਛਗਿੱਛ ਕਰ ਚੁੱਕੀ ਹੈ। ਡੀ. ਸੁਡਰਵਿਜੀ ਏ. ਡੀ. ਸੀ. ਪੀ. ਸਿਟੀ-2 ਨੇ ਕਿਹਾ ਕਿ ਸੋਮਵਾਰ ਨੂੰ ਹਰ ਸਬੂਤ ਅਤੇ ਹਾਸਲ ਕੀਤੀ ਗਈ ਕਾਲ ਡਿਟੇਲ ਨੂੰ ਪੂਰੀ ਤਰ੍ਹਾਂ ਨਾਲ ਖੰਗਾਲਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਐਸ. ਆਈ. ਟੀ. ''ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ, ਜੋ ਸਬੂਤ ਬੋਲਣਗੇ, ਉਹੀ ਸੱਚਾਈ ਪੇਸ਼ ਕੀਤੀ ਜਾਵੇਗੀ।