ਝੋਨੇ ਦੀ ਫਰਜੀ ਖ਼ਰੀਦ ਦਾ ਮਾਮਲਾ ਭਖਿਆ, ਇੰਸਪੈਕਟਰ ਸਸਪੈਂਡ

11/12/2018 10:49:12 AM

ਲੁਧਿਆਣਾ (ਹਿਤੇਸ਼)— ਝੋਨੇ ਦੀ ਫਰਜੀ ਖਰੀਦ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦਾ ਫੂਡ ਸਪਲਾਈ ਮਿਨੀਸਟਰ ਭਾਰਤ ਭੂਸ਼ਣ ਆਸ਼ੂ ਨੇ ਸਖਤ ਨੋਟਿਸ ਲਿਆ ਹੈ ਜਿਸ ਦੇ ਤਹਿਤ ਤਰਨਤਾਰਨ ਦੇ ਇੰਸਪੈਕਟਰ ਵਿਕਾਸ ਜਿੰਦਲ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਦੱਸਣਾ ਸਹੀ ਹੋਵੇਗੀ ਕਿ ਫੂਡ ਸਪਲਾਈ ਮੰਤਰੀ ਦੇ ਕੋਲ ਪਿਛਲੇ ਕੁਝ ਦਿਨਾਂ ਦੌਰਾਨ ਪੂਰੇ ਪੰਜਾਬ ਤੋਂ ਬਹੁਤ ਸ਼ਿਕਾਇਤਾਂ ਮਿਲੀਆਂ ਹਨ ਕਿ ਝੋਨੇ ਦੀ ਫਰਜੀ ਖਰੀਦ ਦੇ ਚੱਲਦੇ ਸਰਕਾਰ ਦੇ ਖਜਾਨੇ ਨੂੰ ਕਰੋੜਾਂ ਦਾ ਚੁੱਨਾ ਲੱਗ ਰਿਹਾ ਹੈ। ਇਸ 'ਤੇ ਫੂਡ ਸਪਲਾਈ ਵਿਭਾਗ ਦੇ ਵਿਜੀਲੈਂਸ ਸੈਲ ਤੋਂ ਜਾਂਚ ਕਰਵਾਈ ਗਈ ਜਿਨ੍ਹਾਂ ਦੀ ਰਿਪੋਰਟ ਦੇ ਆਧਾਰ 'ਤੇ ਮੰਤਰੀ ਵਲੋਂ ਦਿੱਤੇ ਆਦੇਸ਼ ਮੁਤਾਬਕ ਡਾਇਰੇਕਟਰ ਨੇ ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਆਰਡਰ ਜਾਰੀ ਕਰ ਦਿੱਤਾ ਹੈ।
ਕੈਪਟਨ ਨੇ ਲਿਆ ਸਖਤ ਨੋਟਿਸ
ਝੋਨੇ ਦੀ ਫਰਜੀ ਖਰੀਦ ਦੀਆਂ ਸ਼ਿਕਾਇਤਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨੋਟਿਸ ਲਿਆ ਹੈ ਜਿਸ ਦੇ ਤਹਿਤ ਉਨ੍ਹਾਂ ਨੇ ਫੂਡ ਸਪਲਾਈ ਮਿਨੀਸਟਰ ਭਾਰਤ ਭੂਸ਼ਣ ਆਸ਼ੂ ਤੋਂ ਰਿਪੋਰਟ ਮੰਗੀ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਇਸ ਤਰ੍ਹਾਂ ਦਾ ਮੈਸੇਜ ਝੋਨੇ ਦੀ ਖਰੀਦ ਨਾਲ ਸੰਬੰਧਿਤ ਬਾਕੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਦਿੱਤਾ ਗਿਆ ਹੈ। 
ਮਾਰਕਫੇਡ ਦੇ ਅਧਿਕਾਰੀਆਂ 'ਤੇ ਵੀ ਡਿੱਗੀ ਗਾਜ
ਝੋਨੇ ਦੀ ਫਰਜੀ ਖਰੀਦ ਦੀ ਗਾਜ ਫੂਡ ਸਪਲਾਈ ਵਿਭਾਗ ਦੇ ਇਲਾਵਾ ਮਾਰਕਫੇਡ ਦੇ ਅਧਿਕਾਰੀਆਂ 'ਤੇ ਵੀ ਗਾਜ ਡਿੱਗੀ ਹੈ। ਜਿਸ ਦੇ ਤਹਿਤ ਤਰਨਤਾਰਨ ਦੇ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਡੀ.ਐੱਮ. ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।