ਕੇਜਰੀਵਾਲ ਨੇ ਥਾਪੜੀ ਭਗਵੰਤ ਮਾਨ ਦੀ ਪਿੱਠ, ਕਿਹਾ ਹਰ ਪਾਸੇ ਫੈਲ ਰਹੀ ਪੰਜਾਬ ’ਚ ਕੀਤੇ ਚੰਗੇ ਕੰਮਾਂ ਦੀ ਖੁਸ਼ਬੂ

05/05/2023 6:31:17 PM

ਲੁਧਿਆਣਾ : 80ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਤੇਜ਼ੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ, ਇਸ ਨੂੰ ਦੇਖ ਕੇ ਵਿਰੋਧੀ ਬੁਰੀ ਤਰ੍ਹਾਂ ਘਬਰਾ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਪਿੱਠ ਥਾਪੜਦਿਆਂ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਵਿਕਾਸ ਅਤੇ ਚੰਗੇ ਕੰਮਾਂ ਦੀ ਹਨ੍ਹੇਰੀ ਆ ਗਈ ਹੈ, ਇਸ ਦੀ ਖੁਸ਼ਬੂ ਚਾਰੇ ਪਾਸੇ ਫੈਲ ਰਹੀ ਹੈ, ਜਿਸ ਤੋਂ ਵਿਰੋਧੀ ਘਬਰਾ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤਕ 500 ਮੁਹੱਲਾ ਕਲੀਨਿਕ ਕੰਮ ਕਰ ਰਹੇ ਸਨ ਜਦਕਿ ਇਨ੍ਹਾਂ ਵਿਚ 80 ਹੋਰ ਜੁੜ ਗਏ ਹਨ। ਇਨ੍ਹਾਂ ਕਲੀਨਿਕਾਂ ਵਿਚ ਇਲਾਜ ਕਰਨ ਵਾਲੇ ਲੋਕਾਂ ਨੇ ਇਲਾਜ ’ਤੇ ਪੂਰੀ ਤਸੱਲੀ ਪ੍ਰਗਟਾਈ ਹੈ। ਘਰੋਂ ਥੋੜ੍ਹੀ ਦੂਰੀ ’ਤੇ ਹੀ ਵਧੀਆ ਇਲਾਜ ਮਿਲ ਰਿਹਾ ਹੈ। ਜਿੱਥੇ ਦਵਾਈਆਂ, ਟੈਸਟ, ਇਲਾਜ ਪੂਰੀ ਤਰ੍ਹਾਂ ਮੁਫਤ ਹੈ। ਮੁਹੱਲੀ ਕਲੀਨਿਕਾਂ ਦੀ ਸਫਾਈ ਅਤੇ ਸਹੂਲਤਾਂ ਦੇਖ ਕੇ ਲੱਗਦਾ ਹੀ ਨਹੀਂ ਕਿ ਇਹ ਸਰਕਾਰੀ ਮਹਿਕਮਾ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਤੋਂ ਡੇਢ ਸਾਲ ਪਹਿਲਾਂ ਜਦੋਂ ਪੰਜਾਬ ਦੇ ਕੋਨੇ-ਕੋਨੇ ਵਿਚ ਮੈਂ ਅਤੇ ਭਗਵੰਤ ਮਾਨ ਵੋਟ ਮੰਗਣ ਜਾਂਦੇ ਸੀ ਤਾਂ ਅਸੀਂ ਵਾਅਦਾ ਕਰਦੇ ਸੀ ਕਿ ਅਸੀਂ ਇਲਾਜ ਮੁਫਤ ਕਰਾਂਗੇ, ਬਿਜਲੀ ਮੁਫਤ ਕਰਾਂਗੇ ਤੇ ਸਿੱਖਿਆ ਮੁਫਤ ਦੇਵਾਂਗੇ। ਲੋਕਾਂ ਨੇ ਇਹ ਸਹੂਲਤਾਂ ਦਿੱਲੀ ਵਿਚ ਮੁਫਤ ਮਿਲਦੀਆਂ ਹਨ ਸੁਣੀਆਂ ਤਾਂ ਸੀ ਅੱਜ ਪੰਜਾਬ ਵਿਚ ਦੇਖ ਵੀ ਲਈਆਂ ਹਨ। 

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲ ਆਫ਼ ਐਮੀਨੈਂਸ ਦੀਆਂ ਖਾਸ ਤਸਵੀਰਾਂ ਕੀਤੀਆਂ ਸਾਂਝੀਆਂ, ਦੇਖੋ ਪਹਿਲੀ ਝਲਕ

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਸਾਡੀ ਸਰਕਾਰ ਬਣੀ ਤਾਂ ਮੈਨੂੰ ਵੀ ਨਹੀਂ ਯਕੀਨ ਸੀ ਕਿ ਇੰਨੀ ਤੇਜ਼ੀ ਨਾਲ ਕੰਮ ਹੋਵੇਗਾ। ਪੰਜਾਬ ਵਿਚ ਮਾਫੀਆ ਰਾਜ ਸੀ, ਜਿਸ ਨੂੰ ਠੀਕ ਕਰਨ ਵਿਚ ਸਮਾਂ ਲੱਗਦਾ ਹੈ। ਦਿਲ ਵਿਚ 500 ਮੁਹੱਲਾ ਕਲੀਨਿਕ ਬਨਾਉਣ ਵਿਚ ਪੰਜ ਸਾਲ ਲੱਗ ਗਏ ਪਰ ਪੰਜਾਬ ਵਿਚ ਇਕ ਸਾਲ ਦੇ ਅੰਦਰ ਹੀ 580 ਮੁਹੱਲਾ ਕਲੀਨੀਕ ਖੋਲ੍ਹ ਦਿੱਤੇ ਗਏ। ਅੱਜ ਤੇਜ਼ੀ ਨਾਲ ਪੰਜਾਬ ਤਰੱਕੀ ਦੀ ਰਾਹ ’ਤੇ ਚੱਲ ਰਿਹਾ ਹੈ। ਪਿਛਲੇ ਸਾਲਾਂ ਤੱਕ ਪੰਜਾਬ ਦੇ ਲੋਕਾਂ ਨੇ ਲੁੱਟ-ਖੋਹ ਅਤੇ ਡਕੈਤੀ ਹੀ ਦੇਖੀ ਸੀ ਜਦਕਿ ਹੁਣ ਵਿਕਾਸ ਦੇਖ ਰਹੇ ਹਨ। ਵਿਰੋਧੀ ਕਹਿੰਦੇ ਸੀ ਕਿ ਦਿੱਲੀ ਵਿਚ ਬਿਜਲੀ ਮੁਫਤ ਹੋ ਸਕਦੀ ਹੈ ਪਰ ਪੰਜਾਬ ਵਿਚ ਨਹੀਂ। ਅੱਜ ਪੰਜਾਬ ਵਿਚ ਵੀ ਬਿਜਲੀ ਮੁਫਤ ਹੈ। ਪਿਛਲੇ ਇਕ ਸਾਲ ਵਿਚ ਮੁੱਖ ਮਤੰਰੀ ਭਗਵੰਤ ਮਾਨ ਦੇਸ਼ ਭਰ ਵਿਚ ਘੁੰਮ-ਘੁੰਮ ਕੇ 40 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਲਿਆਂਦੀ ਸੂਬੇ ਲਈ ਲਿਆਂਦੀ ਹੈ। ਪੰਜਾਬ ਵਿਚ ਨਵੀਂ ਇੰਡੈਸਟਰੀ ਲੱਗਣ ਦਾ ਕੰਮ ਸ਼ੁਰੂ ਵੀ ਹੋ ਗਿਆ ਹੈ ਅਤੇ ਜਦੋਂ ਇਹ ਇੰਡਸਟਰੀ ਸ਼ੁਰੂ ਹੋ ਗਈ ਤਾਂ ਢਾਈ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਅੱਜ ਪੂਰੇ ਦੇਸ਼ ਦੀ ਇੰਡਸਟਰੀ ਪੰਜਾਬ ’ਤੇ ਭਰੋਸਾ ਪ੍ਰਗਟਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਜਾਣਕਾਰੀ, ਪਿਛਲੇ 10 ਸਾਲਾਂ ਦੇ ਟੁੱਟੇ ਰਿਕਾਰਡ, ਫਿਰ ਵਰ੍ਹਣਗੇ ਬੱਦਲ

ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਨੌਜਵਾਨ ਟੈਕੀਆਂ ’ਤੇ ਚੜ੍ਹਦੇ ਸਨ ਪਰ ਹੁਣ ਪੰਜਾਬ ਵਿਚ ਇਕ ਵੀ ਧਰਨਾ ਨਹੀਂ ਹੈ। ਪੰਜਾਬ ਦਾ ਖਜ਼ਾਨਾ ਲਗਾਤਾਰ ਭਰ ਰਹਾ ਹੈ। ਕਰਜ਼ਾ ਘੱਟ ਰਿਹਾ ਹੈ। ਰੈਵੇਨਿਊ ਵੱਧ ਰਿਹਾ। ਇਹ ਸਿਰਫ ਇਸ ਲਈ ਕਿਉਂਕਿ ਪੰਜਾਬ ਵਿਚ ਹੁਣ ਈਮਾਨਦਾਰ ਸਰਕਾਰ ਹੈ। ਇਸੇ ਕਰਕੇ ਸਾਰੇ ਵਿਰੋਧੀ ਘਬਰਾ ਰਹੇ ਹਨ। ਸਰਕਾਰ ਦਾ ਕੰਮ ਰੋਕਣਾ ਚਾਹੁੰਦੇ ਹਨ। ਇਕ ਛੋਟੀ ਜਿਹੀ ਪਾਰਟੀ ਕੁੱਝ ਸਮੇਂ ਵਿਚ ਦੇਸ਼ ਵਿਚ ਤੀਜੇ ਨੰਬਰ ਦੀ ਪਾਰਟੀ ਬਣ ਗਈ ਹੈ। ਇਸ ਤੋਂ ਵਿਰੋਧੀ ਘਬਰਾ ਗਏ ਹਨ। ਉਨ੍ਹਾਂ ਕਿਹਾ ਕਿ ਸਤਿੰਦਰ ਜੈਨ ਨੂੰ ਇਸ ਲਈ ਜੇਲ੍ਹ ਵਿਚ ਨਹੀਂ ਡੱਕਿਆ ਗਿਆ ਕਿਉਂਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਇਸ ਲਈ ਉਨ੍ਹਾਂ ’ਤੇ ਝੂਠੇ ਕੇਸਾਂ ਤਹਿਤ ਕਾਰਵਾਈ ਕੀਤੀ ਗਈ ਹੈ, ਕਿਉਂਕਿ ਉਹ ਵਧੀਆ ਕੰਮ ਕਰ ਰਹੇ ਸਨ। ਤਿਨ ਵਾਰ ਸਤਿੰਦਰ ਜੈਨ ਦੇ ਘਰ ਰੇਡ ਕੀਤੀ ਗਈ ਪਰ ਇਕ ਧੇਲਾ ਨਹੀਂ ਮਿਲਿਆ। 

ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਕਾਂਡ ਤੋਂ ਬਾਅਦ ਵੱਡੀ ਕਾਰਵਾਈ, ਚੁੱਕੇ ਜਾ ਰਹੇ ਇਹ ਸਖ਼ਤ ਕਦਮ

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ ਈਮਾਨਦਾਰ ਪਾਰਟੀ ਹੈ। ਕੇਂਦਰ ਸਰਕਾਰ ਹੁਣ ਮੇਰੇ ਪਿੱਛੇ ਪੈ ਗਈ ਹੈ। ਸਾਰੀਆਂ ਏਜੰਸੀਆਂ ਮੇਰੇ ਪਿੱਛੇ ਲਗਾ ਦਿੱਤੀਆਂ ਹਨ ਕਿ ਕਿਸੇ ਤਰ੍ਹਾਂ ਕੇਜਰੀਵਾਲ ਨੂੰ ਚੋਰ ਸਾਬਤ ਕੀਤਾ ਜਾ ਸਕੇ। ਸੀ. ਬੀ. ਆਈ. ਨੇ ਮੈਨੂੰ ਸਾਢੇ 9 ਘੰਟੇ ਬਿਠਾਈ ਰੱਖਿਆ ਪਰ ਉਨ੍ਹਾਂ ਕੋਲ ਪੁੱਛਣ ਲਈ ਕੁੱਝ ਸੀ ਹੀ ਨਹੀਂ। ਉਹ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦੇ ਹਨ ਕਿ ਜੇ ਕੇਜਰੀਵਾਲ ਭ੍ਰਿਸ਼ਟ ਹੈ ਤਾਂ ਕੋਈ ਈਮਾਨਦਾਰ ਨਹੀਂ ਹੋ ਸਕਦਾ। ਜਿਸ ਦਿਨ ਮੇਰੇ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਸਬੂਤ ਮਿਲ ਜਾਵੇ ਚੌਰਾਹੇ ’ਚ ਖੜ੍ਹੇ ਕਰਕੇ ਫਾਂਸੀ ਦੇ ਦਿਓ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਸੱਤਾ ਦੀ ਭੁੱਖ ਹੈ। ਜਿਹੜਾ ਚੰਗਾ ਕੰਮ ਕਰਦਾ ਹੈ, ਉਸ ਨੂੰ ਟਾਰਗਿਟ ਕੀਤਾ ਜਾਂਦਾ ਹੈ।

 ਇਹ ਵੀ ਪੜ੍ਹੋ : ਵੱਡੇ ਮੁਲਕਾਂ ’ਚ ਸੁਨਹਿਰੀ ਭਵਿੱਖ ਦੇ ਸੁਫ਼ਨੇ ਦੇਖਣ ਵਾਲੇ ਨੌਜਵਾਨਾਂ ਲਈ ਅਹਿਮ ਖ਼ਬਰ, ਰੌਂਗਟੇ ਖੜ੍ਹੇ ਕਰੇਗੀ ਇਹ ਰਿਪੋਰਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh