ਅਰਵਿੰਦ ਕੇਜਰੀਵਾਲ ਪਹੁੰਚੇ ਮੋਗਾ, ਪੰਜਾਬ ਲਈ ਤੀਜੀ ਗਾਰੰਟੀ ਦਾ ਕਰ ਸਕਦੇ ਨੇ ਐਲਾਨ

11/22/2021 2:27:06 PM

ਮੋਗਾ (ਗੋਪੀ ਰਾਊਕੇ) : ਮੋਗਾ ਵਿਖੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਫੇਰੀ ਨੂੰ ਲੈ ਕੇ ਪੰਜਾਬ ਭਰ ਤੋਂ ਔਰਤਾਂ ਮੋਗਾ ਪੁੱਜਣ ਲੱਗੀਆਂ ਹਨ। ਇਸ ਮੌਕੇ ‘ਆਪ’ ਮੁਖੀ 2022 ਦੀਆ ਚੋਣਾਂ ਨੂੰ ਲੈ ਕੇ ਕੋਈ ਐਲਾਨ ਕਰ ਸਕਦੇ ਹਨ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨਾ ਪੰਜਾਬ ਦੌਰੇ ’ਤੇ ਹਨ। ਉਨ੍ਹਾਂ ਨਾਲ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਵੀ ਮੌਜੂਦ ਹਨ। ਅਰਵਿੰਦ ਕੇਜਰੀਵਾਲ ਅੱਜ ਯਾਨੀਕਿ 22 ਨਵੰਬਰ ਤੋਂ 'ਮਿਸ਼ਨ ਪੰਜਾਬ' ਦੀ ਸ਼ੁਰੂਆਤ ਪੰਜਾਬ ਦੇ ਮੋਗਾ ਸ਼ਹਿਰ ਤੋਂ ਕਰਨਗੇ। ਪਾਰਟੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਕੇਜਰੀਵਾਲ ਮੋਗਾ 'ਚ ਮਿਸ਼ਨ ਦੀ ਸ਼ੁਰੂਆਤ ਪੰਜਾਬ ਲਈ ਇਕ ਵੱਡੇ ਐਲਾਨ ਦੇ ਨਾਲ ਕਰਨਗੇ।

ਇਹ ਵੀ ਪੜ੍ਹੋ : ਖ਼ੁਫੀਆ ਰਿਪੋਰਟਾਂ ਨੇ ਐਕਟਿਵ ਕਰ ਦਿੱਤਾ ਕੇਂਦਰ ਸਰਕਾਰ ਨੂੰ    
 

ਗੌਰਤਲਬ ਹੈ ਕਿ ਅਰਵਿੰਦ ਕੇਜਰੀਵਾਲ ਮੁਫ਼ਤ ਬਿਜਲੀ ਅਤੇ ਸਿਹਤ ਨੂੰ ਲੈ ਕੇ ਪੰਜਾਬੀਆਂ ਨੂੰ ਦੋ ਗਾਰੰਟੀਆਂ ਦੇ ਚੁੱਕੇ ਹਨ ਅਤੇ ਅੱਜ ਤੀਸਰੀ ਗਾਰੰਟੀ ਦੇ ਸਕਦੇ ਹਨ। ਇਸਦੇ ਨਾਲ ਹੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਕੇਜਰੀਵਾਲ ਐਲਾਨ ਕਰ ਸਕਦੇ ਹਨ। ਪੰਜਾਬ 'ਚ ਚੋਣ ਮੁਹਿੰਮ ਭਖਾਉਂਦਿਆਂ ਆਮ ਆਦਮੀ ਪਾਰਟੀ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਸੂਚੀ ਵਿੱਚ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਦੇ  ਮੌਜੂਦਾ ਵਿਧਾਇਕਾਂ ਨੂੰ ਮੁੜ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਦਰਮਿਆਨ ਸੋਨੂੰ ਸੂਦ ਦੀ ਭੈਣ ਮਾਲਵਿਕਾ ਵੱਲੋਂ ਚੋਣ ਲੜਨ ਦੇ ਐਲਾਨ ਮਗਰੋਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਮਾਲਵਿਕਾ 'ਆਪ' ਦਾ ਝਾੜੂ ਫੜ੍ਹ ਸਕਦੀ ਹੈ। ਫਿਲਹਾਲ ਵੇਖਣਾ ਇਹ ਹੋਵੇਗਾ ਕਿ ਅੱਜ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ, ਨਵੇਂ ਉਮੀਦਵਾਰ ਦੀ ਘੋਸ਼ਣਾ, ਤੀਸਰੀ ਗਾਰੰਟੀ ਜਾਂ ਹੋਰ ਕੋਈ ਐਲਾਨ ਕੀਤਾ ਜਾਂਦਾ ਹੈ ਜਾਂ ਨਹੀਂ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
  

Anuradha

This news is Content Editor Anuradha