ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫੀ ਮੰਗ ਕੇ ਸੱਚਾਈ ਨੂੰ ਕੀਤਾ ਕਬੂਲ : ਸਿੱਧੂ

03/18/2018 2:53:17 AM

ਤਲਵੰਡੀ ਸਾਬੋ(ਮੁਨੀਸ਼)-ਨਸ਼ਾ ਸਮੱਗਲਿੰਗ ਦੇ ਦੋਸ਼ ਲਾਉਣ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਖਿਲਾਫ ਕੀਤੇ ਮਾਣਹਾਨੀ ਦੇ ਕੇਸ 'ਚ ਬੀਤੇ ਕੱਲ ਅਰਵਿੰਦ ਕੇਜਰੀਵਾਲ ਵੱਲੋਂ ਅਚਾਨਕ ਮਜੀਠੀਆ ਤੋਂ ਮੁਆਫੀ ਮੰਗ ਲੈਣ ਅਤੇ ਉਨ੍ਹਾਂ 'ਤੇ ਬੀਤੇ ਸਮੇਂ 'ਚ ਲਾਏ ਦੋਸ਼ਾਂ ਨੂੰ ਨਿਰਆਧਾਰ ਦੱਸਣ ਦੇ ਮਾਮਲੇ 'ਤੇ ਪੰਜਾਬ ਦੀ ਸਿਆਸਤ 'ਚ ਭੂਚਾਲ ਆਇਆ ਹੋਇਆ ਹੈ। ਇਸੇ ਮਾਮਲੇ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨ. ਸਕੱ. ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫੀ ਮੰਗ ਕੇ ਸੱਚਾਈ ਨੂੰ ਕਬੂਲ ਕਰ ਲਿਆ ਹੈ। ਅੱਜ ਇਥੋਂ ਜਾਰੀ ਪ੍ਰੈੱਸ ਬਿਆਨ 'ਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਹੱਦ ਦਰਜੇ ਦੀ ਨੀਵੀਂ ਸਿਆਸਤ ਕੀਤੀ, ਉਸੇ ਤਹਿਤ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਸਮੱਗਲਰ ਦੱਸਣ ਦੇ ਮਾਮਲੇ 'ਚ ਜਦੋਂ ਮਜੀਠੀਆ ਨੇ ਅਰਵਿੰਦ ਕੇਜਰੀਵਾਲ 'ਤੇ ਮਾਣਹਾਨੀ ਦਾ ਕੇਸ ਕੀਤਾ ਤਾਂ ਵਕਤ ਪੈਣ 'ਤੇ ਕੇਜਰੀਵਾਲ ਨੂੰ ਇਹ ਸਮਝ ਆ ਗਿਆ ਕਿ ਉਹ ਆਪਣੇ ਵੱਲੋਂ ਲਾਏ ਦੋਸ਼ਾਂ ਨੂੰ ਕਦੇ ਵੀ ਸਾਬਿਤ ਨਹੀ ਕਰ ਸਕਣਗੇ, ਇਸ ਲਈ ਉਨ੍ਹਾਂ ਨੇ ਮਜੀਠੀਆ ਤੋਂ ਮੁਆਫੀ ਮੰਗ ਲਈ, ਜੋ ਕਿ ਠੀਕ ਕਦਮ ਕਿਹਾ ਜਾ ਸਕਦਾ ਹੈ। ਸ. ਸਿੱਧੂ ਨੇ ਅੱਗੇ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਸਵਾਲ ਕੀਤਾ ਕਿ ਉਹ ਵੀ ਸ. ਮਜੀਠੀਆ ਵਲੋਂ ਕੀਤੇ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰ ਰਹੇ ਹਨ, ਕੀ ਉਹ ਵੀ ਹੁਣ ਆਪਣੇ ਪਾਰਟੀ ਮੁਖੀ ਦੇ ਨਕਸ਼ੇ ਕਦਮ 'ਤੇ ਚੱਲ ਕੇ ਉਨ੍ਹਾਂ ਤੋਂ ਮੁਆਫੀ ਮੰਗਣਗੇ ਜਾਂ ਫਿਰ ਉਹ ਕੇਜਰੀਵਾਲ ਵੱਲੋਂ ਲਏ ਫੈਸਲੇ ਦੇ ਉਲਟ ਜਾ ਕੇ ਉਕਤ ਕੇਸ ਦਾ ਡਟ ਕੇ ਸਾਹਮਣਾ ਕਰਨਗੇ? ਜੀਤਮਹਿੰਦਰ ਸਿੰਘ ਸਿੱਧੂ ਨੇ ਭਗਵੰਤ ਮਾਨ ਤੇ ਅਮਨ ਅਰੋੜਾ ਵਲੋਂ ਅਸਤੀਫੇ ਦਿੱਤੇ ਜਾਣ ਦੀਆਂ ਖਬਰਾਂ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਿਸ ਕੇਜਰੀਵਾਲ ਨੂੰ ਅੱਜ ਤੱਕ 'ਆਪ' ਆਗੂ ਤੇ ਵਰਕਰ ਆਪਣਾ ਰੋਲ ਮਾਡਲ ਮੰਨ ਕੇ ਉਸ ਦੇ ਹੁਕਮਾਂ 'ਤੇ ਚੱਲਦੇ ਰਹੇ ਹਨ, ਅੱਜ ਉਸੇ ਕੇਜਰੀਵਾਲ ਦੇ ਖਿਲਾਫ ਜਾ ਕੇ ਉਹ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਹਨ। ਉਨਾਂ ਕਿਹਾ ਕਿ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਜੋ 'ਆਪ' ਦੀ ਨੈਸ਼ਨਲ ਕੌਂਸਲ ਮੈਂਬਰ ਹੈ, ਨੂੰ ਵੀ ਲੋਕਾਂ ਅੱਗੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕੇਜਰੀਵਾਲ ਦੇ ਫੈਸਲੇ ਨੂੰ ਸਹੀ ਮੰਨਦੀ ਹੈ ਜਾਂ ਪੰਜਾਬ ਇਕਾਈ ਵਲੋਂ ਕੇਜਰੀਵਾਲ ਦੇ ਫੈਸਲੇ ਦੇ ਕੀਤੇ ਜਾ ਰਹੇ ਵਿਰੋਧ ਨੂੰ ਸਹੀ ਮੰਨਦਿਆਂ ਨੈਸ਼ਨਲ ਕੌਂਸਲ ਦੇ ਅਹੁਦੇ ਦਾ ਤਿਆਗ ਕਰੇਗੀ।