ਪੰਜਾਬ ''ਚ ਮਹਿੰਗੀ ਬਿਜਲੀ ਨੂੰ ਲੈ ਕੇ ਕੇਜਰੀਵਾਲ ਨੇ ਕੈਪਟਨ ''ਤੇ ਵਿਨ੍ਹਿਆ ਨਿਸ਼ਾਨਾ

06/29/2019 10:31:38 PM

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਅੰਦਰ ਹੱਦੋਂ ਮਹਿੰਗੀਆਂ ਬਿਜਲੀ ਦਰਾਂ ਦੇ ਵਿਰੋਧ 'ਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿਨ੍ਹਿਆ ਹੈ। 'ਆਪ' ਵਲੋਂ ਖੋਲੇ ਗਏ ਮੋਰਚੇ ਤਹਿਤ 'ਆਪ' ਲੀਡਰਸ਼ਿਪ ਅਗਲੇ 2 ਮਹੀਨੇ ਪਿੰਡਾਂ ਤੇ ਮੁਹੱਲਿਆਂ 'ਚ ਸਰਗਰਮ ਰਹੇਗੀ। ਇਹ ਫ਼ੈਸਲਾ ਸ਼ਨੀਵਾਰ ਨੂੰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ 'ਚ ਚਲਾਏ ਜਾ ਰਹੇ ਬਿਜਲੀ ਮੋਰਚੇ ਦੀ ਅਗਲੇਰੀ ਰੂਪ ਰੇਖਾ ਲਈ ਦਿੱਲੀ 'ਚ ਬੁਲਾਈ ਗਈ ਇਕ ਸੂਤਰੀ ਬੈਠਕ ਦੌਰਾਨ ਲਿਆ ਗਿਆ। ਮੁੱਖ ਮੰਤਰੀ ਨਿਵਾਸ 'ਚ ਬੁਲਾਈ ਗਈ ਇਸ ਬੈਠਕ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਗੋਪਾਲ ਰਾਏ, ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੀਨੀਅਰ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਮੀਤ ਹੇਅਰ, ਜੈ ਕਿਸ਼ਨ ਸਿੰਘ ਰੌੜੀ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸੁੱਖੀ, ਜਮੀਲ-ਉਰ-ਰਹਿਮਾਨ, ਦਲਬੀਰ ਸਿੰਘ ਢਿੱਲੋਂ, ਡਾ. ਬਲਬੀਰ ਸਿੰਘ, ਮਨਜੀਤ ਸਿੰਘ ਸਿੱਧੂ, ਸਿਆਸੀ ਰੀਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸਮੇਤ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਹਲਕਾ ਪ੍ਰਧਾਨ, ਲੋਕ ਸਭਾ ਉਮੀਦਵਾਰ ਅਤੇ ਵੱਖ ਵੱਖ ਵਿੰਗਾਂ ਦੇ ਮੁਖੀ ਅਤੇ ਅਹੁਦੇਦਾਰ ਮੌਜੂਦ ਸਨ।
ਇਸ ਮੌਕੇ ਸੰਬੋਧਨ ਵਿਧਾਇਕ ਮੀਤ ਹੇਅਰ ਨੂੰ ਬਿਜਲੀ ਮੋਰਚੇ ਦੀ ਸਮੁੱਚੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਇੱਕ ਬਿਜਲੀ ਮੋਰਚਾ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ ਜੋ ਮਾਹਿਰਾਂ ਦੀ ਮਦਦ ਨਾਲ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਰਾਂ ਬਿੱਲਾਂ ਅਤੇ ਮੀਟਰਾਂ ਆਦਿ ਦੀ ਖ਼ੁਦ ਜਾਂਚ ਕਰਨ ਦੀ ਟਰੇਨਿੰਗ ਅਤੇ ਜਾਣਕਾਰੀ ਦੇਵੇਗੀ। ਵਿਚਾਰ ਚਰਚਾ ਦੌਰਾਨ ਅਰੋੜਾ ਨੇ ਜਿੱਥੇ ਪਿਛਲੀ ਬਾਦਲ ਸਰਕਾਰ ਵੱਲੋਂ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਬੇਹੱਦ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ ਖਰੀਦ ਸਮਝੌਤਿਆਂ (ਪੀਪੀਏਜ਼) ਰਾਹੀਂ ਪੰਜਾਬ ਦੇ ਖ਼ਜ਼ਾਨੇ ਅਤੇ ਲੋਕਾਂ ਦੀਆਂ ਜੇਬਾਂ ਦੇ ਲੁੱਟਣ ਸੰਬੰਧੀ ਸਾਰੇ ਅਹੁਦੇਦਾਰਾਂ ਨੂੰ ਵਿਸਤਾਰ ਸਹਿਤ ਕੌੜੇ ਤੱਥ ਉਜਾਗਰ ਕੀਤੇ ਉੱਥੇ ਇਹ ਵੀ ਸਾਹਮਣੇ ਆਇਆ ਕਿ ਬਿਜਲੀ ਦੇ ਮੀਟਰ ਤੇਜ਼ ਚੱਲਦੇ ਹਨ।