ਨਕਲੀ ਦੁੱਧ ਤੇ ਪਨੀਰ ਬਣਾਉਣ ਦਾ ਮਾਮਲਾ: CIA ਵਲੋਂ 1 ਹੋਰ ਗ੍ਰਿਫਤਾਰੀ

08/18/2018 10:00:52 AM

ਪਟਿਆਲਾ(ਬਲਜਿੰਦਰ)— ਦੇਵੀਗੜ੍ਹ ਤੋਂ ਚਿਲਿੰਗ ਸੈਂਟਰ ਮਾਮਲੇ ਵਿਚ ਨਕਲੀ ਦੁੱਧ, ਪਨੀਰ ਅਤੇ ਘਿਓ ਬਣਾਉਣ ਦੇ ਮਾਮਲੇ ਵਿਚ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਅਨਿਲ ਕੁਮਾਰ ਸਿੰਗਲਾ ਦੇ ਨਜ਼ਦੀਕੀ ਇਕ ਹੋਰ ਜੈ ਭਗਵਾਨ ਪੁੱਤਰ ਮਹਿੰਦਰ ਪੰਡਤ ਵਾਸੀ ਬੋਪੁਰ ਥਾਣਾ ਚੀਕਾ ਜ਼ਿਲਾ ਕੈਥਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਅਨਿਲ ਕੁਮਾਰ ਸਿੰਗਲਾ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੀ ਪੁਸ਼ਟੀ ਕਰਦਿਆਂ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਦੋਵਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 2-2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਇੰਸਪੈਕਟਰ ਗਰੇਵਾਲ ਨੇ ਦੱਸਿਆ ਕਿ ਜੈ ਭਗਵਾਨ ਅਨਿਲ ਕੁਮਾਰ ਸਿੰਗਲਾ ਦਾ ਅਤਿ ਨਜ਼ਦੀਕੀ ਹੈ ਅਤੇ ਦੁੱਧ ਦਾ ਮੇਨ ਸਪਲਾਇਰ ਹੈ। ਦੋਵਾਂ ਤੋਂ ਪੁਲਸ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ। ਦੂਜੇ ਪਾਸੇ ਪੁਲਸ ਨੇ ਬੀਤੇ ਦਿਨ ਅਦਾਲਤ ਤੋਂ ਬਰਾਮਦ ਕੀਤੇ ਗਏ ਨਕਲੀ ਦੁੱਧ, ਘਿਓ ਅਤੇ ਪਨੀਰ ਨੂੰ ਨਸ਼ਟ ਕਰਨ ਦੀ ਇਜਾਜ਼ਤ ਮੰਗੀ ਹੈ। ਇਥੇ ਇਹ ਦੱਸਣਯੋਗ ਹੈ ਕਿ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਵਲੋਂ ਸਿੰਗਲਾ ਚਿਲਿੰਗ ਸੈਂਟਰ 'ਤੇ ਰੇਡ ਕਰ ਕੇ ਉਥੋਂ ਵੱਡੀ ਮਾਤਰਾ ਵਿਚ ਨਕਲੀ ਦੁੱਧ, ਪਨੀਰ ਅਤੇ ਘਿਓ ਬਣਾਉਣ ਵਾਲਾ ਸਾਮਾਨ ਬਰਾਮਦ ਕੀਤਾ ਸੀ। ਇਸ ਮਾਮਲੇ ਵਿਚ ਅਨਿਲ ਕੁਮਾਰ ਸਿੰਗਲਾ ਨੂੰ ਗ੍ਰਿਫਤਾਰ ਕਰਕੇ ਸਾਮਾਨ ਕਬਜ਼ੇ ਵਿਚ ਲੈ ਲਿਆ ਗਿਆ ਸੀ।
ਸਿਹਤ ਵਿਭਾਗ 'ਤੇ ਉਠੇ ਸਵਾਲ—
ਦੇਵੀਗੜ੍ਹ ਵਿਚ ਨਕਲੀ ਦੁੱਧ, ਪਨੀਰ ਅਤੇ ਘਿਓ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਜ਼ਿਲੇ ਦੇ ਸਿਹਤ ਵਿਭਾਗ 'ਤੇ ਕਈ ਤਰ੍ਹਾਂ ਦੇ ਸਵਾਲ ਉਠਣੇ ਹੋਣੇ ਸ਼ੁਰੂ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਲੋਕਾਂ ਦੀ ਸਿਹਤ ਨਾਲ ਇੰਨਾ ਵੱਡਾ ਖਿਲਵਾੜ ਹੋ ਰਿਹਾ ਸੀ ਤਾਂ ਸਿਹਤ ਵਿਭਾਗ ਕਿੱਥੇ ਸੁੱਤਾ ਹੋਇਆ ਸੀ? ਜਿਹੜੀ ਰੇਡ ਪੁਲਸ ਨੇ ਕਰ ਕੇ ਇਸ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ, ਉਸ ਦਾ ਸਿਹਤ ਵਿਭਾਗ ਨੂੰ ਆਖਰ ਕਿਉਂ ਪਤਾ ਨਹੀਂ ਲੱਗ ਸਕਿਆ? ਜਾਂ ਫਿਰ ਸਿਹਤ ਵਿਭਾਗ ਵਲੋਂ ਜਾਣ-ਬੁੱਝ ਕੇ ਅੱਖਾਂ ਬੰਦ ਕਰ ਲਈਆਂ ਗਈਆਂ ਸਨ। ਇਸ ਮਾਮਲੇ ਵਿਚ ਹੁਣ ਅਨਿਲ ਕੁਮਾਰ ਸਿੰਗਲਾ ਦੀ ਜਾਂਚ ਦੇ ਨਾਲ-ਨਾਲ ਸਿਹਤ ਵਿਭਾਗ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਆਖਰ ਇੰਨਾ ਵੱਡਾ ਰੈਕਟ ਕਿਸ ਤਰ੍ਹਾਂ ਚੱਲ ਰਿਹਾ ਸੀ? ਸਭ ਤੋਂ ਅਹਿਮ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਸਿਹਤ ਵਿਭਾਗ ਟੀਮ ਨੇ ਇਸ ਸੈਂਟਰ ਦਾ ਦੌਰਾ ਕੀਤਾ ਅਤੇ ਸੈਂਪਲਿੰਗ ਵੀ ਕੀਤੀ। ਜਦੋਂ ਪੁਲਸ ਨੇ ਸਿਹਤ ਵਿਭਾਗ ਤੋਂ ਰੇਡ ਦੌਰਾਨ ਬਰਾਮਦ ਕੀਤੇ ਗਏ ਸਾਮਾਨ ਬਾਰੇ ਰਿਪੋਰਟ ਮੰਗੀ ਤਾਂ ਸਿਹਤ ਵਿਭਾਗ ਨੇ ਲਿਖਿਆ ਕਿ ਦੇਖਣ ਤੋਂ ਇਹ ਮਨੁੱਖ ਦੇ ਖਾਣਯੋਗ ਨਹੀਂ ਲੱਗ ਰਿਹਾ। ਟੀਮ ਨੂੰ ਕੁਝ ਦਿਨ ਪਹਿਲਾਂ ਇਹ ਸਾਮਾਨ ਦੇਖਣ ਤੋਂ ਮਨੁੱਖਾਂ ਦੇ ਖਾਣਯੋਗ ਨਹੀਂ ਲੱਗਾ ਸੀ। ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਭ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਆਪਣੇ ਜ਼ਿਲੇ ਵਿਚ ਚੱਲ ਰਿਹਾ ਸੀ।