ਗੁਰਦਾਸਪੁਰ ਹਮਲੇ ਵਿਚ ''ਹੀਰੋ'' ਬਣ ਕੇ ਉੱਭਰਿਆ ਇਹ ਬੱਸ ਡਰਾਈਵਰ, ਜਾਣੋ ਬਹਾਦਰੀ ਦੀ ਬੇਮਿਸਾਲ ਕਹਾਣੀ

07/28/2015 10:01:37 AM


ਪਠਾਨਕੋਟ (ਸ਼ਾਰਦਾ)— ਕੱਲ੍ਹ ਗੁਰਦਾਸਪੁਰ ''ਚ ਹੋਏ ਅੱਤਵਾਦੀ ਹਮਲੇ ਨਾਲ ਪੂਰਾ ਪੰਜਾਬ ਦਹਿਲ ਗਿਆ। ਕਈਆਂ ਨੇ ਬਹਾਦਰੀ ਦੀ ਮਿਸਾਲਾਂ ਪੇਸ਼ ਕੀਤੀਆਂ ਅਤੇ ਅੱਤਵਾਦੀਆਂ ਨਾਲ ਲੋਹਾ ਲੈ ਕੇ ਦੇਸ਼ ਦੇ ਲੋਕਾਂ ਦੀ ਰੱਖਿਆ ਕੀਤੀ। ਕਈ ਪੁਲਸ ਵਾਲੇ ਇਸ ਹਮਲੇ ਵਿਚ ਸ਼ਹੀਦ ਹੋ ਗਏ ਪਰ ਇਸ ਸਾਰੀ ਘਟਨਾ ਦੌਰਾਨ ਇਕ ਅਜਿਹਾ ਵਿਅਕਤੀ ਵੀ ਸੀ, ਜਿਸ ਨੇ ਸਾਬਤ ਕਰ ਦਿੱਤਾ ਕਿ ਬਹਾਦਰੀ ਦਿਖਾਉਣ ਲਈ ਸਿਰਫ ਹਥਿਆਰਾਂ ਦੀ ਨਹੀਂ ਸਗੋਂ ਜਜ਼ਬੇ ਦੀ ਲੋੜ ਹੁੰਦੀ ਹੈ। ਇਹ ਜਜ਼ਬਾ ਦਿਖਾਇਆ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨਾਨਕ ਚੰਦ ਨੇ ਤੇ ਗੁਰਦਾਸਪੁਰ ਹਮਲੇ ਨੂੰ ਹੋਰ ਭਿਆਨਕ ਹੋਣ ਤੋਂ ਬਚਾਅ ਲਿਆ। ਬੱਸ ਵਿਚ ਉਸ ਸਮੇਂ 85 ਸਵਾਰੀਆਂ ਮੌਜੂਦ ਸਨ।
ਪੰਜਾਬ ਰੋਡਵੇਜ਼ ਦੀ ਬੱਸ ਰੋਜ਼ਾਨਾ ਦੇ ਵਾਂਗ ਸਰਹੱਦੀ ਖੇਤਰ ਜਨਿਆਲ ਤੋਂ ਚੰਡੀਗੜ੍ਹ ਜਾ ਰਹੀ ਸੀ। ਬੱਸ ਜਿਵੇਂ ਹੀ ਦੀਨਾਨਗਰ ਪਹੁੰਚੀ ਤਾਂ ਉਸ ਦਾ ਸਾਹਮਣਾ ਅੱਤਵਾਦੀਆਂ ਨਾਲ ਹੋ ਗਿਆ। ਡਰਾਈਵਰ ਨਾਨਕ ਚੰਦ ਅਨੁਸਾਰ ਬੱਸ ਉਸ ਦੀ ਬੱਸ ਪਹਿਲਾਂ ਤੋਂ ਸਵਾਰੀਆਂ ਨਾਲ ਭਰੀ ਹੋਈ ਸੀ। ਇਸ ਲਈ ਹੋਰ ਸਵਾਰੀਆਂ ਨੂੰ ਚੜ੍ਹਾਉਣਾ ਉਸ ਲਈ ਮਾਇਨੇ ਨਹੀਂ ਰੱਖਦਾ ਸੀ। ਇਸ ਦੌਰਾਨ ਫੌਜੀਆਂ ਦੇ ਭੇਸ ਵਿਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਬੱਸ ਵਿਚ ਚੜ੍ਹਾਉਣ ਲਈ ਰੁਕਣ ਦਾ ਇਸ਼ਾਰਾ ਕੀਤਾ, ਜਿਸ ''ਤੇ ਕਡੰਕਟਰ ਨੇ ਡਰਾਈਵਰ ਨੂੰ ਇਸ ਸੰਬੰਧੀ ਬੱਸ ਰੋਕਣ ਦੀ ਅਪੀਲ ਵੀ ਕੀਤੀ। ਡਰਾਈਵਰ ਦੇ ਅਨੁਸਾਰ ਇਨ੍ਹਾਂ ਲੋਕਾਂ ਦੇ ਚਿਹਰੇ ਢਕੇ ਹੋਏ ਸਨ। ਡਰਾਈਵਰ ਨੂੰ ਉਨ੍ਹਾਂ ''ਤੇ ਸ਼ੱਕ ਹੋਇਆ ਤੇ ਉਸ ਨੇ ਬੱਸ ਕੱਢਣ ਦੀ ਕੀਤੀ, ਇਸ ''ਤੇ ਅੱਤਵਾਦੀਆਂ ਨੇ ਬੱਸ ''ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਾਨਕ ਚੰਦ ਨੇ ਹਿੰਮਤ ਤੇ ਸਬਰ ਨਾਲ ਕੰਮ ਲੈਂਦਿਆਂ ਪਹਿਲਾਂ ਇਕ ਅੱਤਵਾਦੀ ਨੂੰ ਟੱਕਰ ਮਾਰੀ ਤੇ ਬੱਸ ਦੌੜਾ ਦਿੱਤੀ ਅਤੇ ਜਿਵੇਂ-ਤਿਵੇਂ ਬੱਸ ਅੱਗੇ ਕਿਸੇ ਸੁਰੱਖਿਅਤ ਸਥਾਨ ''ਤੇ ਲਿਜਾ ਕੇ ਦਮ ਲਿਆ। ਇਸ ਦੌਰਾਨ ਅੱਤਵਾਦੀਆਂ ਦੀਆਂ ਕੁਝ ਗੋਲੀਆਂ ਯਾਤਰੀਆਂ ਨੂੰ ਵੀ ਲੱਗੀਆਂ ਪਰ ਬੱਸ ਵਿਚ ਸਵਾਰ ਜ਼ਿਆਦਾਤਰ ਸਵਾਰੀਆਂ ਸੁਰੱਖਿਅਤ ਬਚ ਗਈਆਂ।
ਨਾਨਕ ਚੰਦ ਦੀ ਬਹਾਦਰੀ ਨੇ ਕਈ ਜਾਨਾਂ ਬਚਾ ਲਈਆਂ। ਉਸ ਨੇ ਆਪਣੀ ਹਿੰਮਤ ਤੇ ਸਮਝਦਾਰੀ ਨੂੰ ਹਥਿਆਰਾਂ ਦੇ ਵਾਂਗ ਵਰਤਿਆ ਨਹੀਂ ਤਾਂ ਇਹ ਭਾਣਾ ਹੋਰ ਵੀ ਖਤਰਨਾਕ ਹੋਣਾ ਸੀ।

Kulvinder Mahi

This news is News Editor Kulvinder Mahi