ਗ੍ਰਿਫ਼ਤਾਰ ਪਟਵਾਰੀ ਬਲਕਾਰ ਸਿੰਘ ਦੇ ਮਾਮਲੇ 'ਚ ਨਵਾਂ ਮੋੜ, ਮੀਡੀਆ ਸਾਹਮਣੇ ਆ ਗਿਆ ਪਰਿਵਾਰ

09/06/2023 3:45:45 PM

ਚੰਡੀਗੜ੍ਹ (ਰਮਨਜੀਤ) : ਵਿਜੀਲੈਂਸ ਪੁਲਸ ਵੱਲੋਂ ਨਾਜਾਇਜ਼ ਜਾਇਦਾਦ ਬਣਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਧੂਰੀ ਦੇ ਪਟਵਾਰੀ ਬਲਕਾਰ ਸਿੰਘ ਦੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਬਲਕਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਬਲਕਾਰ ਸਿੰਘ ਨੇ ਰਿਸ਼ਵਤਖ਼ੋਰੀ ਨਾਲ ਇੱਕ ਵੀ ਏਕੜ ਜ਼ਮੀਨ ਨਹੀਂ ਬਣਾਈ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੰਘ ਦੇ ਭਰਾ ਬਲਤੇਜ ਸਿੰਘ ਅਤੇ ਪਿੰਡ ਦੇ ਮੋਹਤਬਰਾਂ ਨੇ ਕਿਹਾ ਕਿ ਬਲਕਾਰ ਸਿੰਘ ਅਤੇ 2 ਭਰਾਵਾਂ ਕੋਲ ਸਾਢੇ 32 ਏਕੜ ਜ਼ਮੀਨ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਭਾਰੀ ਪਰੇਸ਼ਾਨੀ 'ਚ ਫਸੇ, ਜਾਣੋ ਕੀ ਹੈ ਪੂਰਾ ਮਾਮਲਾ

ਬਲਕਾਰ ਸਿੰਘ ਕੋਲ ਸਾਢੇ ਤਿੰਨ ਏਕੜ ਜ਼ਮੀਨ ਵੱਖਰੀ ਹੈ, ਬਹੁਤੀ ਜ਼ਮੀਨ ਉਸ ਨੇ ਨੌਕਰੀ 'ਚ ਆਉਣ ਤੋਂ ਪਹਿਲਾਂ ਖ਼ਰੀਦੀ ਸੀ। ਜੇਕਰ ਹੋਰ ਵਾਧੂ ਜ਼ਮੀਨ ਸਰਕਾਰ ਨੂੰ ਲੱਭਦੀ ਹੈ ਤਾਂ ਸਰਕਾਰ ਜ਼ਮੀਨ ਜ਼ਬਤ ਕਰ ਲਵੇ। ਉਨ੍ਹਾਂ ਕਿਹਾ ਕਿ ਬਲਕਾਰ ਸਿੰਘ ਦਾ ਪੂਰਾ ਪਰਿਵਾਰ ਮਿਹਨਤੀ ਹੈ। ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਅਤੇ ਮੱਝਾਂ ਦਾ ਕੰਮ ਵੀ ਕਰਦਾ ਹੈ। ਪਰਿਵਾਰਕ ਮੈਂਬਰਾਂ ਨੇ ਇਹ ਦਾਅਵਾ ਵੀ ਕੀਤਾ ਕੇ ਉਨ੍ਹਾਂ ਦੇ ਪਰਿਵਾਰ 'ਤੇ ਡੇਢ ਕਰੋੜ ਰੁਪਏ ਦਾ ਲੋਨ ਵੀ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਨਸ਼ੇੜੀ ਪੁੱਤ ਤੋਂ ਦੁਖੀ ਮਾਂ ਦੀ ਵੀਡੀਓ ਵਾਇਰਲ, ਹੱਥ ਬੰਨ੍ਹ ਜੋ ਬੋਲ ਬੋਲੇ, ਤੁਹਾਨੂੰ ਵੀ ਭਾਵੁਕ ਕਰ ਦੇਣਗੇ (ਵੀਡੀਓ)
ਜਾਣੋ ਕੀ ਹੈ ਪੂਰਾ ਮਾਮਲਾ
ਅਸਲ 'ਚ ਖਨੌਰ ਵਾਸੀ ਸੁਦਰਸ਼ਨ ਰਾਏ ਨਾਲ ਹੋਈ ਧੋਖਾਧੜੀ ਮਗਰੋਂ ਬਲਕਾਰ ਸਿੰਘ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ ਸੀ। ਖਨੌਰੀ 'ਚ ਸੁਦਰਸ਼ਨ ਦੇ ਨਾਂ 'ਤੇ 14 ਕਨਾਲ, 11 ਮਰਲੇ ਜ਼ਮੀਨ ਸੀ। ਉਸ ਦਾ ਪਰਿਵਾਰ ਦਿੱਲੀ 'ਚ ਸ਼ਿਫਟ ਹੋ ਗਿਆ ਸੀ। ਘੱਗਰ ਦਰਿਆ ਨੂੰ ਚੌੜਾ ਕਰਨ ਲਈ ਉਸ ਦੀ ਜ਼ਮੀਨ 'ਚੋਂ 2 ਕਨਾਲ, 12 ਮਰਲੇ ਜ਼ਮੀਨ ਸਰਕਾਰ ਨੇ ਐਕੁਆਇਰ ਕੀਤੀ ਸੀ। ਬਾਕੀ 11 ਕਨਾਲ, 19 ਮਰਲੇ ਜ਼ਮੀਨ ਖਨੌਰੀ ਸ਼ਹਿਰ 'ਚ ਪੈਂਦੀ ਸੀ। ਦੋਸ਼ ਹੈ ਕਿ ਪਟਵਾਰੀ ਬਲਕਾਰ ਸਿੰਘ ਨੇ ਬਾਕੀਆਂ ਨਾਲ ਮਿਲ ਕੇ ਇਸ ਜ਼ਮੀਨ ਨੂੰ ਹੜੱਪਣ ਲਈ ਸਾਲ 2018 'ਚ ਖੇਡ ਖੇਡੀ। ਜਾਅਲੀ ਵਸੀਅਤ ਤਿਆਰ ਕਰਕੇ ਪਟਵਾਰੀ ਦੇ ਸਾਥੀ ਦੀਪਕ ਰਾਜ ਦੇ ਨਾਂ 'ਤੇ ਜ਼ਮੀਨ ਤਬਦੀਲ ਕਰ ਦਿੱਤੀ ਗਈ। ਪੂਰੇ ਪਰਿਵਾਰ ਦੇ ਫਰਜ਼ੀ ਬਿਆਨ ਦਿੱਤੇ ਗਏ। ਇਸ ਦੀ ਸ਼ਿਕਾਇਤ ਸੁਦਰਸ਼ਨ ਨੇ ਕੀਤੀ ਤਾਂ ਜਾਂਚ ਤੋਂ ਬਾਅਦ ਪਟਵਾਰੀ ਬਲਕਾਰ ਸਿੰਘ ਦੀ ਸਾਰੀ ਖੇਡ ਦਾ ਪਰਦਾਫਾਸ਼ ਹੋ ਗਿਆ। ਵਿਜੀਲੈਂਸ ਨੇ ਇਸ ਮਾਮਲੇ 'ਚ ਪਟਵਾਰੀ ਬਲਕਾਰ ਸਿੰਘ ਅਤੇ ਫੀਲਡ ਕਾਨੂੰਨਗੋ ਦਰਸ਼ਨ ਸਿੰਘ ਨੂੰ ਬੀਤੇ ਦਿਨੀਂ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Babita

This news is Content Editor Babita