ਹੈਰੋਇਨ ਸਮੱਗਲਰ ਗ੍ਰਿਫਤਾਰ, ਕਾਰ ''ਚੋਂ ਮਿਲੀ 8 ਲੱਖ ਦੀ ਭਾਰਤੀ ਕਰੰਸੀ

03/26/2019 11:47:35 PM

ਅੰਮ੍ਰਿਤਸਰ,(ਅਰੁਣ): ਲੋਕ ਸਭਾ ਚੋਣਾਂ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵਲੋਂ ਜਿਥੇ ਸਾਰੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਉਥੇ ਸ਼ਹਿਰ 'ਚ ਵਿਸ਼ੇਸ਼ ਨਾਕੇ ਲਾ ਕੇ ਪੁਲਸ ਦਸਤੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਸੇ ਕੜੀ ਤਹਿਤ ਥਾਣਾ ਛੇਹਰਟਾ ਦੀ ਪੁਲਸ ਨੇ ਨਾਕੇਬੰਦੀ ਦੌਰਾਨ ਇਕ ਬਰੇਜ਼ਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਦੀ ਤਲਾਸ਼ੀ ਦੌਰਾਨ ਕਾਰ ਦੀ ਸੀਟ ਹੇਠਾਂ ਪਈ 8 ਲੱਖ 4 ਹਜ਼ਾਰ ਦੀ ਭਾਰਤੀ ਕਰੰਸੀ ਬਰਾਮਦ ਹੋਈ। ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਦੱਸਿਆ ਕਿ ਥਾਣਾ ਛੇਹਰਟਾ ਮੁਖੀ ਆਈ. ਪੀ. ਐੱਸ. ਮਹਿਤਾਬ ਸਿੰਘ ਤੇ ਏ. ਸੀ. ਪੀ. ਪੱਛਮੀ ਦੇਵ ਦੱਤ ਸ਼ਰਮਾ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਮੀਰੀ-ਪੀਰੀ ਅਕੈਡਮੀ ਬਾਸਰਕੇ ਭੈਣੀ ਕੋਲ ਕੀਤੀ ਵਿਸ਼ੇਸ਼ ਨਾਕੇਬੰਦੀ ਦੌਰਾਨ ਬਰੇਜ਼ਾ ਕਾਰ ਨੰ. ਪੀ ਬੀ 35 ਐਕਸ 9331 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਦੀ ਤਲਾਸ਼ੀ ਦੌਰਾਨ ਸੀਟ ਹੇਠਾਂ ਪਈ 8 ਲੱਖ 4 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਕਾਰ ਚਾਲਕ ਬਲਵਿੰਦਰ ਸਿੰਘ ਚਿੜੀ ਪੁੱਤਰ ਬਸੰਤ ਸਿੰਘ ਵਾਸੀ ਭਦਰੋਹਾ ਥਾਣਾ ਕੰਡਵਾਲ ਜ਼ਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਜੋ ਇਸ ਕਰੰਸੀ ਬਾਰੇ ਕੋਈ ਠੋਸ ਜਵਾਬ ਨਹੀਂ ਦੇ ਸਕਿਆ, ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਨਸ਼ੇ ਵਾਲੇ ਪਦਾਰਥ ਵੇਚਣ-ਖਰੀਦਣ ਮਗਰੋਂ ਰੱਖੀ ਸੀ ਇਹ ਰਕਮ- ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਇਹ ਮੁਲਜ਼ਮ ਪੇਸ਼ੇਵਰ ਨਸ਼ਾ ਸਮੱਗਲਰ ਹੈ। ਤਲਾਸ਼ੀ ਦੌਰਾਨ ਬਰਾਮਦ ਕੀਤੀ ਗਈ ਰਕਮ ਜੋ ਉਸ ਵੱਲੋਂ ਨਸ਼ਾ ਵੇਚਣ ਮਗਰੋਂ ਜਾਂ ਖਰੀਦਣ ਲਈ ਰੱਖੀ ਗਈ ਸੀ, ਬਾਰੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸ਼ਾਹਪੁਰ ਕੰਡੀ 'ਚ ਪਹਿਲਾਂ ਵੀ ਦਰਜ ਹੈ ਐੱਨ. ਡੀ. ਪੀ. ਐੱਸ. ਦਾ ਮਾਮਲਾ- ਗ੍ਰਿਫਤਾਰ ਕੀਤੇ ਗਏ ਮੁਲਜ਼ਮ ਬਲਵਿੰਦਰ ਚਿੜੀ ਦੇ ਹੁਣ ਤੱਕ ਦੇ ਫਰੋਲੇ ਗਏ ਪੁਰਾਣੇ ਰਿਕਾਰਡ 'ਚ ਥਾਣਾ ਸ਼ਾਹਪੁਰ ਕੰਡੀ ਪਠਾਨਕੋਟ ਵਿਖੇ ਉਸ ਖਿਲਾਫ ਬੀਤੀ 29 ਮਾਰਚ 2018 ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਪਾਇਆ ਗਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਇਸ ਤੋਂ ਪਹਿਲਾਂ ਵੀ ਤਰਨਤਾਰਨ ਜ਼ਿਲੇ ਤੋਂ ਭਾਰੀ ਮਾਤਰਾ ਵਿਚ ਨਸ਼ਾ ਖਰੀਦਣ ਮਗਰੋਂ ਹਿਮਾਚਲ ਦੇ ਵੱਖ-ਵੱਖ ਇਲਾਕਿਆਂ 'ਚ ਵੇਚ ਚੁੱਕਾ ਹੈ।
 

Deepak Kumar

This news is Content Editor Deepak Kumar