ਲੱਖਾਂ ਦੀ ਭਾਰਤੀ ਕਰੰਸੀ ਅਤੇ ਹੈਰੋਇਨ ਸਣੇ 2 ਸਮੱਗਲਰ ਕਾਬੂ

08/18/2019 11:50:32 AM

ਤਰਨਤਾਰਨ (ਰਮਨ) : ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਪੁਲਸ ਨੂੰ ਜ਼ਿਲੇ ਭਰ 'ਚ ਵੱਡੀ ਸਫਲਤਾ ਹਾਸਲ ਹੋ ਰਹੀ ਹੈ। ਇਸੇ ਲੜੀ ਦੇ ਤਹਿਤ ਥਾਣਾ ਸਿਟੀ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ 3 ਲੱਖ 5 ਹਜ਼ਾਰ ਰੁਪਏ ਅਤੇ 170 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਦੇ ਹੋਏ ਪੁੱਛਗਿਛ ਸ਼ੁਰੂ ਕੀਤੀ ਜਾ ਚੁੱਕੀ ਹੈ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਆਈ.) ਹਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਸਮੇਤ ਪੁਲਸ ਪਾਰਟੀ ਹਰੀ ਰਾਮ ਸ਼ੈਲਰ ਤੋਂ ਰੋਹੀ ਪੁਲ ਡਰੇਨ ਨੇੜੇ ਕੋਹੜ ਅਹਾਤਾ ਦੌਰਾਨੇ ਗਸ਼ਤ ਇਕ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 46-ਪੀ-1144 ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਉਪਰ ਦੋ ਵਿਅਕਤੀ ਸਵਾਰ ਸਨ, ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚਾਲਕਾਂ ਵਲੋਂ ਤੁਰੰਤ ਮੋਟਰਸਾਈਕਲ ਨੂੰ ਵਾਪਸ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਸ ਨੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰ ਉਨ੍ਹਾਂ ਨੂੰ ਕਾਬੂ ਕਰ ਲਿਆ। ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੋਟਰਸਾਈਕਲ ਦੇ ਚਾਲਕ ਨੇ ਆਪਣਾ ਨਾਂ ਪ੍ਰਤਾਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਆਸਲ ਉਤਾੜ ਦੱਸਿਆ ਜਿਸ ਵਲੋਂ ਜ਼ਮੀਨ 'ਤੇ ਸੁੱਟੇ ਮੋਮੀ ਲਿਫਾਫੇ ਵਿਚੋਂ 100 ਗ੍ਰਾਮ ਹੈਰੋਇਨ ਅਤੇ 2 ਲੱਖ 5 ਹਜ਼ਾਰ ਰੁਪਏ (500 ਵਾਲੇ 410 ਨੋਟ) ਬਰਾਮਦ ਕੀਤੇ ਗਏ। 

ਉਨ੍ਹਾਂ ਦੱਸਿਆ ਇਸ ਮੋਟਰਸਾਈਕਲ 'ਤੇ ਸਵਾਰ ਦੂਸਰੇ ਵਿਅਕਤੀ ਅਵਤਾਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਨੌਸ਼ਹਿਰਾ ਢਾਲਾ ਹਾਲ ਵਾਸੀ ਲਾਭ ਨਗਰ ਅਦਰਸ਼ ਨਗਰ ਗਲੀ ਨੰਬਰ 1 ਪਾਸੋਂ 70 ਗ੍ਰਾਮ ਹੈਰੋਇਨ ਅਤੇ ਇਕ ਲੱਖ ਰੁਪਏ ਭਾਰਤੀ ਕਰੰਸੀ (2000 ਵਾਲੇ 50 ਨੋਟ) ਬਰਾਮਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਵਾਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
ਇਨ੍ਹਾਂ ਦੋਸ਼ੀਆਂ ਖਿਲਾਫ ਪਹਿਲਾਂ ਕਿੱਥੇ ਮਾਮਲੇ ਦਰਜ ਹਨ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਂ ਦੇ ਪਾਕਿਸਤਾਨ ਨਾਲ ਸੰਪਰਕ ਜੁੜੇ ਹਨ ਜੋ ਹੈਰੋਇਨ ਦੀ ਸਮੱਗਲਿੰਗ ਕਰਦੇ ਹੋਏ ਇਸ ਨੂੰ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਚਿੱਟੇ ਦਾ ਕਾਰੋਬਾਰ ਕਰਨ ਦਾ ਢੰਗ ਵਟਸਐਪ ਰਾਹੀਂ ਜਾਰੀ ਹੈ ਜੋ ਦੁਬਈ ਦੇ ਨੰਬਰਾਂ ਨਾਲ ਰਜਿਸਟਰਡ ਹਨ ਅਤੇ ਇਹ ਦੋਸ਼ੀ ਵਟਸਐਪ ਕਾਲਾਂ ਰਾਹੀਂ ਪਾਕਿਸਤਾਨ ਦੇ ਸੰਪਰਕ ਵਿਚ ਸਨ। ਉਨ੍ਹਾਂ ਨਾਲ ਥਾਣਾ ਸਿਟੀ ਮੁਖੀ ਗੁਰਚਰਨ ਸਿੰਘ, ਸਬ ਇੰਸਪੈਕਟਰ ਬਲਜੀਤ ਕੌਰ ਵੀ ਹਾਜ਼ਰ ਸਨ।

Baljeet Kaur

This news is Content Editor Baljeet Kaur