ਖੁਦ ਨੂੰ ਪੁਲਸ ਦੱਸ ਕੇ ਕਰਦੇ ਸਨ ਹਫਤਾ ਵਸੂਲੀ, ਚੜ੍ਹੇ ਪੰਜਾਬ ਪੁਲਸ ਦੇ ਹੱਥੇ

01/20/2018 6:58:28 AM

ਲੁਧਿਆਣਾ(ਮਹੇਸ਼)-ਖੁਦ ਨੂੰ ਪੰਜਾਬ ਪੁਲਸ ਦਾ ਅਧਿਕਾਰੀ ਦੱਸ ਕੇ ਦੇਹ ਵਪਾਰ ਦੇ ਅੱਡਿਆਂ, ਲਾਟਰੀ ਦੀਆਂ ਦੁਕਾਨਾਂ ਅਤੇ ਕਬਾੜੀਆਂ ਤੋਂ ਹਫਤਾ ਵਸੂਲੀ ਕਰਨ ਵਾਲੇ ਇਕ ਚਲਾਕ ਗਿਰੋਹ ਦੇ ਸਰਗਣੇ ਸਮੇਤ 6 ਮੈਂਬਰਾਂ ਨੂੰ ਜ਼ਿਲਾ ਪੁਲਸ ਨੇ ਬਹੁਤ ਹੀ ਨਾਟਕੀ ਢੰਗ ਨਾਲ ਕਾਬੂ ਕੀਤਾ ਹੈ, ਜਦੋਂਕਿ ਇਕ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਇਸ ਗਿਰੋਹ ਕੋਲੋਂ ਪੁਲਸ ਦੀਆਂ 2 ਵਰਦੀਆਂ, 2 ਕਾਰਾਂ, 2 ਮੋਟਰਸਾਈਕਲ, ਦੇਸੀ ਕੱਟਾ, ਇਕ ਖਿਡੌਣਾ ਪਿਸਤੌਲ ਅਤੇ ਛੁਰਾ ਬਰਾਮਦ ਕਰ ਕੇ ਇਨ੍ਹਾਂ ਖਿਲਾਫ ਥਾਣਾ ਸਦਰ 'ਚ ਗਿਰੋਹਬੰਦੀ ਦਾ ਕੇਸ ਦਰਜ ਕੀਤਾ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਖੰਨਾ ਦੇ ਪਿੰਡ ਨੌਲਡੀ ਦੇ ਜਸਵੰਤ ਸਿੰਘ ਉਰਫ ਪ੍ਰਧਾਨ, ਸਾਹਨੇਵਾਲ ਦੇ ਪਿੰਡ ਬਿਲਗਾ ਦੇ ਦਲਵਿੰਦਰ ਸਿੰਘ ਉਰਫ ਲਾਲੀ, ਮੰਡੀ ਅਹਿਮਦਗੜ੍ਹ ਦੇ ਖਾਨਪੁਰ ਦੇ ਜਗਪ੍ਰੀਤ ਉਰਫ ਮਨੀ, ਸਮਰਾਲਾ ਦੇ ਸੁਰਿੰਦਰ ਸਿੰਘ, ਰਾਜਗੁਰੂ ਨਗਰ ਦੇ ਰਣਜੀਤ ਸਿੰਘ ਅਤੇ ਖਾਨਪੁਰ ਦੀ ਗੁਰਮੀਤ ਕੌਰ ਦੇ ਰੂਪ ਹੋਈ ਹੈ, ਜਦਕਿ ਫਰਾਰ ਦੋਸ਼ੀ ਨਿੱਕਾ ਦੀ ਭਾਲ ਕੀਤੀ ਜਾ ਰਹੀ ਹੈ, ਜੋ ਕਿ ਡਾਬਾ ਦੇ ਗੋਬਿੰਦ ਨਗਰ ਦਾ ਰਹਿਣ ਵਾਲਾ ਹੈ। ਇਸ ਸਬੰਧ 'ਚ ਸ਼ੁੱਕਰਵਾਰ ਨੂੰ ਸਿੰਗਲ ਵਿੰਡੋ 'ਤੇ ਬੁਲਾਈ ਗਈ ਪ੍ਰੈੱਸ ਵਾਰਤਾ 'ਚ ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਸਿੰਘ ਦੱਸਿਆ ਕਿ ਥਾਣਾ ਸਦਰ ਦੇ ਇੰਚਾਰਜ ਇੰਸ. ਸੁਖਪਾਲ ਸਿੰਘ ਬਰਾੜ ਨੂੰ ਸੂਚਨਾ ਮਿਲੀ ਸੀ ਕਿ ਨਗਰ 'ਚ ਇਕ ਇਸ ਤਰ੍ਹਾਂ ਦਾ ਗਿਰੋਹ ਸਰਗਰਮ ਹੈ, ਜੋ ਪੁਲਸ ਦੀ ਵਰਦੀ ਪਾ ਕੇ ਖੁਦ ਨੂੰ ਕਦੇ ਕ੍ਰਾਈਮ ਬਰਾਂਚ, ਸਟੇਟ ਟਾਸਕ ਫੋਰਸ ਅਤੇ ਨਾਰਕੋਟਿਕ ਸੈੱਲ ਦੇ ਅਧਿਕਾਰੀ ਦੱਸ ਕੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਜਿਸ 'ਤੇ ਪੁਲਸ ਨੇ ਗਿਰੋਹ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।  ਸ਼ੁੱਕਰਵਾਰ ਨੂੰ ਪੁਖਤਾ ਜਾਣਕਾਰੀ ਮਿਲੀ ਕਿ ਇਹ ਗਿਰੋਹ ਲੁੱਟ-ਖੋਹ ਦੀ ਯੋਜਨਾ ਬਣਾਉਣ ਦੇ ਲਈ ਪਿੰਡ ਸੰਗੋਵਾਲ ਦੇ ਇਲਾਕੇ 'ਚ ਇਕੱਠੇ ਹੋ ਰਹੇ ਹਨ, ਜਿਸ 'ਤੇ ਪੁਲਸ ਹਰਕਤ 'ਚ ਆਈ ਅਤੇ ਇਕ ਸੁੰਨਸਾਨ ਪਲਾਟ ਦੀ ਘੇਰਾਬੰਦੀ ਕਰ ਕੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰ ਲਿਆ, ਜਦੋਂਕਿ ਇਨ੍ਹਾਂ ਦਾ ਇਕ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ। ਤਲਾਸ਼ੀ ਦੌਰਾਨ ਗਿਰੋਹ ਤੋਂ ਉਕਤ ਸਾਮਾਨ ਬਰਾਮਦ ਹੋਇਆ। ਇਸ ਗਿਰੋਹ ਬਾਰੇ 'ਚ ਜਾਣਕਾਰੀ ਦਿੰਦੇ ਡੀ. ਸੀ. ਪੀ. ਨੇ ਦੱਸਿਆ ਕਿ ਪੁਲਸ ਦੀ ਵਰਦੀ ਪਾ ਕੇ ਇਹ ਗਿਰੋਹ ਤਲਾਸ਼ੀ ਲੈਣ ਦੇ ਨਾਂ 'ਤੇ ਲੋਕਾਂ ਦੇ ਘਰਾਂ 'ਚ ਦਾਖਲ ਹੋ ਜਾਂਦਾ ਸੀ ਅਤੇ ਨਸ਼ੀਲੇ ਪਦਾਰਥ (ਚਿੱਟੇ) ਦਾ ਧੰਦਾ ਕਰਨ ਦਾ ਡਰਾਵਾ ਦੇ ਕੇ ਉਨ੍ਹਾਂ ਤੋਂ ਪੈਸੇ ਵਸੂਲਦਾ ਸੀ। ਜਸਵੰਤ ਹੌਲਦਾਰ ਦਾ ਰੋਲ ਅਦਾ ਕਰਦਾ ਸੀ, ਜਦੋਂਕਿ ਲਾਲੀ ਸਾਦੇ ਕੱਪੜਿਆਂ 'ਚ ਏ. ਐੱਸ. ਆਈ. ਬਣ ਜਾਂਦਾ ਸੀ ਅਤੇ ਗੁਰਮੀਤ ਕੌਰ, ਜੋ ਕਿ ਦੋਸ਼ੀ ਜਗਪ੍ਰੀਤ ਦੀ ਪਤਨੀ ਹੈ, ਮਹਿਲਾ ਅਧਿਕਾਰੀ ਬਣ ਜਾਂਦੀ ਸੀ। 
ਸਦਰ ਦੇ ਇਲਾਕੇ 'ਚ ਅੱਧਾ ਦਰਜਨ ਤੋਂ ਵੱਧ ਕੀਤੀਆਂ ਵਾਰਦਾਤਾਂ 
ਥਾਣਾ ਇੰਚਾਰਜ ਨੇ ਦੱਸਿਆ ਕਿ ਪੁੱਛਗਿੱਛ 'ਚ ਇਸ ਗਿਰੋਹ ਨੇ ਕੁੱਝ ਹੀ ਦਿਨਾਂ 'ਚ ਸਦਰ ਇਲਾਕੇ 'ਚ ਇਸ ਤਰ੍ਹਾਂ ਦੀਆਂ ਅੱਧਾ ਦਰਜਨ ਦੇ ਲਗਭਗ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ, ਜਦਂੋਕਿ ਲਾਟਰੀ ਦੀਆਂ ਦੁਕਾਨਾਂ, ਦੇਹ ਵਪਾਰ ਦੇ ਅੱਡਿਆਂ ਅਤੇ ਕਬਾੜੀਆਂ ਤੋਂ ਇਹ ਰੋਜ਼ਾਨਾ ਪੈਸੇ ਵਸੂਲਦੇ ਸਨ ਅਤੇ ਕਈਆਂ ਨਾਲ ਇਨ੍ਹਾਂ ਦਾ ਹਫਤਾ ਬੰਨ੍ਹਿਆ ਸੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਕੱਲ ਅਦਾਲਤ 'ਚ ਪੇਸ਼ ਕਰ ਕੇ ਪੁੱਛਗਿੱਛ ਲਈ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ। ਪ੍ਰੈੱਸ ਕਾਨਫਰੰਸ 'ਚ ਡੀ. ਸੀ. ਪੀ. ਤੋਂ ਇਲਾਵਾ ਏ. ਡੀ. ਸੀ. ਪੀ. ਕ੍ਰਾਈਮ ਰਤਨ ਬਰਾੜ, ਏ. ਡੀ. ਸੀ. ਪੀ. ਗੁਰਪ੍ਰੀਤ ਕੌਰ, ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਆਦਿ ਵੀ ਮੌਜੂਦ ਸਨ। 
ਦੋਸ਼ੀਆਂ ਦਾ ਲੰਮਾ-ਚੌੜਾ ਅਪਰਾਧਿਕ ਰਿਕਾਰਡ 
ਇਨ੍ਹਾਂ 'ਚ ਜਸਵੰਤ, ਰਣਜੀਤ ਅਤੇ ਦਲਵਿੰਦਰ ਦਾ ਲੰਮਾ ਚੌੜਾ ਅਪਰਾਧਿਕ ਪੁਲਸ ਰਿਕਾਰਡ ਵੀ ਹੈ। ਦਲਵਿੰਦਰ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ 'ਚ ਚੋਰੀ, ਨਸ਼ਾ ਸਮੱਗਲਿੰਗ, ਫਰਾਡ ਅਤੇ ਗਿਰੋਹਬੰਦੀ ਦੇ ਇਕ ਦਰਜਨ ਤੋਂ ਜ਼ਿਆਦਾ ਕੇਸ ਦਰਜ ਹਨ, ਜਦੋਂਕਿ ਰਣਜੀਤ ਖਿਲਾਫ ਥਾਣਾ ਡਵੀਜ਼ਨ ਨੰ. 5 'ਚ ਨਸ਼ਾ ਸਮੱਗਲਿੰਗ ਅਤੇ ਜਸਵੰਤ ਦੇ ਖਿਲਾਫ ਖੰਨਾ 'ਚ ਲੁੱਟ-ਖੋਹ ਅਤੇ ਐਕਸਾਈਜ਼ ਐਕਟ ਤਹਿਤ 2 ਕੇਸ ਦਰਜ ਹਨ। ਲਾਲੀ ਗਿਰੋਹ ਦਾ ਸਰਗਣਾ ਹੈ।