ਵੀਡੀਓ ਬਣਾ ਕੇ ਸੋਸ਼ਲ ਮੀਡੀਆ ''ਤੇ ਵਾਇਰਲ ਕਰ ਕੇ ਬਲੈਕਮੇਲ ਕਰਨ ਵਾਲਾ ਗੈਂਗ ਚੜ੍ਹਿਆ ਪੁਲਸ ਹੱਥੇ

04/24/2018 5:03:51 AM

ਮੁੱਲਾਂਪੁਰ ਦਾਖਾ(ਕਾਲੀਆ)-ਥਾਣਾ ਦਾਖਾ ਦੀ ਪੁਲਸ ਨੇ ਮੁਖ਼ਬਰ ਦੀ ਇਤਲਾਹ 'ਤੇ ਭੋਲੇ-ਭਾਲੇ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਆਪਣੇ ਜਾਲ ਵਿਚ ਫਸਾਉਣ ਤੋਂ ਬਾਅਦ ਉਨ੍ਹਾਂ ਦੀ ਵੀਡੀਓ ਬਣਾਉਣ ਦਾ ਡਰਾਵਾ ਦੇ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਸਬੰਧੀ ਬਲੈਕਮੇਲ ਕਰ ਕੇ ਉਨ੍ਹਾਂ ਕੋਲੋਂ ਜਬਰੀ ਤੌਰ 'ਤੇ ਮੋਟੀ ਰਕਮ ਵਸੂਲ ਕਰਨ ਦੀ ਫਿਰਾਕ 'ਚ ਗੈਂਗ ਨੂੰ ਕਾਬੂ ਕਰ ਕੇ ਇਕ ਵਿਅਕਤੀ ਅਤੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 16 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ, ਜੋ ਕਿ ਉਨ੍ਹਾਂ ਨੇ ਬਲੈਕਮੇਲ ਕਰ ਕੇ ਇਕੱਠੀ ਕੀਤੀ ਸੀ, ਜਿਨ੍ਹਾਂ ਵਿਰੁੱੱਧ ਜ਼ੇਰੇ ਧਾਰਾ 420, 384 ਅਧੀਨ ਕੇਸ ਦਰਜ ਕਰ ਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਥਾਣਾ ਦਾਖਾ ਦੇ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਏ. ਐੱਸ. ਆਈ. ਸੁਰਜੀਤ ਸਿੰਘ ਚੌਕੀ ਇੰਚਾਰਜ ਚੌਕੀਮਾਨ ਸਮੇਤ ਪੁਲਸ ਪਾਰਟੀ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਲਖਵਿੰਦਰ ਸਿੰਘ ਲੱਖਾ ਪੁੱਤਰ ਜੁਗਿੰਦਰ ਸਿੰਘ ਵਾਸੀ ਲੀਲਾਂ ਮੇਘ ਸਿੰਘ ਥਾਣਾ ਸਦਰ ਜਗਰਾਓਂ, ਕਮਲਜੀਤ ਕੌਰ ਉਰਫ ਜੋਤੀ ਪਤਨੀ ਪ੍ਰਮਿੰਦਰ ਸਿੰਘ ਵਾਸੀ ਰਾਮਗੜ੍ਹ ਭੁੱਲਰ ਥਾਣਾ ਸਦਰ ਜਗਰਾਓਂ, ਕਰਮਜੀਤ ਕੌਰ ਪਤਨੀ ਹਰਬੰਸ ਸਿੰਘ ਵਾਸੀ ਚੌਕੀਮਾਨ ਥਾਣਾ ਦਾਖਾ ਅਤੇ ਜਸਵਿੰਦਰ ਕੌਰ ਉਰਫ ਪੂਜਾ ਪਤਨੀ ਮਨਪ੍ਰੀਤ ਸਿੰਘ ਵਾਸੀ ਮੰਡੀ ਮੁੱਲਾਂਪੁਰ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ, ਜੋ ਭੋਲੇ-ਭਾਲੇ ਲੋਕਾਂ ਨਾਲ ਮੋਬਾਇਲ ਫੋਨ ਰਾਹੀਂ ਖੁਦ ਰਾਬਤਾ ਕਾਇਮ ਕਰ ਕੇ ਧੋਖੇ ਵਿਚ ਰੱਖ ਕੇ ਡਰਾ-ਧਮਕਾ ਕੇ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਦਾ ਡਰਾਵਾ ਦੇ ਕੇ ਬਲੈਕਮੇਲ ਕਰ ਕੇ ਉਨ੍ਹਾਂ ਕੋਲੋਂ ਜਬਰੀ ਤੌਰ 'ਤੇ ਮੋਟੀ ਰਕਮ ਵਸੂਲ ਕੇ ਆਪਸ 'ਚ ਵੰਡਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਸਾਰਿਆਂ ਨੇ ਰਲ ਕੇ ਕੁਝ ਸਮਾਂ ਪਹਿਲਾਂ ਹਰਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਭਰੋਵਾਲ ਕਲਾਂ ਥਾਣਾ ਸਿੱਧਵਾਂ ਬੇਟ, ਪ੍ਰਮਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਤੁਗਲ ਥਾਣਾ ਸੁਧਾਰ ਅਤੇ ਗੁਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਾਮਗੜ੍ਹ ਭੁੱਲਰ ਨੂੰ ਧੋਖੇ ਨਾਲ ਆਪਣੇ ਜਾਲ ਵਿਚ ਫਸਾ ਕੇ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣ ਸਬੰਧੀ ਬਲੈਕਮੇਲ ਕਰ ਕੇ ਇਨ੍ਹਾਂ ਕੋਲੋਂ ਜਬਰੀ 50-50 ਹਜ਼ਾਰ ਦੀ ਮੰਗ ਕਰ ਕੇ 25-25 ਹਜ਼ਾਰ ਰੁਪਏ ਵਸੂਲ ਕਰ ਕੇ ਠੱਗੀ ਮਾਰੀ ਹੈ, ਜੋ ਹੁਣ ਵੀ ਚੌਕੀਮਾਨ ਚੌਕੀ ਦੇ ਏਰੀਏ 'ਚ ਭੋਲੇ-ਭਾਲੇ ਲੋਕਾਂ ਦੀ ਭਾਲ ਵਿਚ ਹਨ। ਹਰਜੀਤ ਸਿੰਘ ਭਰੋਵਾਲ ਨਾਲ ਬੱਸ ਸਟੈਂਡ ਚੌਕੀਮਾਨ ਵਿਖੇ ਗਸ਼ਤ ਕਰ ਰਹੇ ਸਨ ਤਾਂ ਕਰਮਜੀਤ ਕੌਰ ਪਤਨੀ ਹਰਬੰਸ ਸਿੰਘ ਚੌਕੀਮਾਨ ਨੂੰ ਬੱਸ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਅਤੇ ਉਸ ਕੋਲੋਂ ਬਲੈਕਮੇਲ ਕਰ ਕੇ ਉਸ ਕੋਲੋਂ ਲਏ 4000 ਰੁਪਏ ਬਰਾਮਦ ਕੀਤੇ। ਇਸੇ ਤਰ੍ਹਾਂ ਲਖਵਿੰਦਰ ਸਿੰਘ ਲੱਖਾ, ਕਮਲਜੀਤ ਕੌਰ ਜੋਤੀ, ਜਸਵਿੰਦਰ ਕੌਰ ਪੂਜਾ ਜੋ ਆਪਣੇ ਸਾਥੀ ਕਰਮਜੀਤ ਕੌਰ ਨੂੰ ਮਿਲਣ ਚੌਕੀਮਾਨ ਆ ਰਹੇ ਸਨ, ਤਿੰਨਾਂ ਨੂੰ ਵੀ ਦਬੋਚ ਲਿਆ ਅਤੇ ਤਿੰਨਾਂ ਤੋਂ 4-4 ਹਜ਼ਾਰ ਰੁਪਏ ਬਰਾਮਦ ਕੀਤੇ।