ਪੁਲਸ ਹੱਥ ਲੱਗੀ ਸਫਲਤਾ 50 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ

02/28/2018 6:37:32 AM

ਲੁਧਿਆਣਾ(ਅਨਿਲ)-ਜੇਲ 'ਚ ਹੋਈ ਦੋਸਤੀ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆ ਕੇ ਨਸ਼ਾ ਸਮੱਗਲਿੰਗ 'ਚ ਲੱਗੇ 2 ਨੌਜਵਾਨਾਂ ਨੂੰ ਐੱਸ. ਟੀ. ਐੱਫ. ਨੇ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 50 ਲੱਖ ਰੁਪਏ ਅੰਕੀ ਜਾ ਰਹੀ ਹੈ। ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਟੀਮ ਨੇ ਬੀਤੀ ਰਾਤ ਗਸ਼ਤ ਦੇ ਦੌਰਾਨ ਸੈਕਟਰ-39 'ਚ ਸ਼ੱਕ ਦੇ ਆਧਾਰ 'ਤੇ ਇਕ ਸਵਿਫਟ ਕਾਰ ਨੂੰ ਰੋਕਿਆ। ਤਲਾਸ਼ੀ ਲੈਣ 'ਤੇ ਉਕਤ ਮਾਤਰਾ ਵਿਚ ਹੈਰੋਇਨ ਬਰਾਮਦ ਹੋਈ। ਕਾਰ ਸਵਾਰਾਂ ਦੀ ਪਛਾਣ ਰਾਜਵਿੰਦਰ ਸਿੰਘ ਕਾਕਾ ਪੁੱਤਰ ਗੁਰਦੀਪ ਸਿੰਘ ਵਾਸੀ ਦੋਰਾਹਾ ਅਤੇ ਮਲਕੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਮਧੇਪੁਰ, ਜਗਰਾਓਂ ਵਜੋਂ ਹੋਈ ਹੈ। ਦੋਵਾਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਮੋਤੀ ਨਗਰ 'ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਨਸ਼ੇ ਦੀ ਪੂਰਤੀ ਲਈ ਸ਼ੁਰੂ ਕੀਤੀ ਸਮੱਗਲਿੰਗ 
ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਰਾਜਵਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਹੈ। ਪਹਿਲਾਂ ਤਾਂ ਉਹ ਖੁਦ ਨਸ਼ਾ ਕਰਦਾ ਰਿਹਾ ਅਤੇ ਜਦ ਪੈਸੇ ਦੀ ਘਾਟ ਆਉਣ ਲੱਗੀ ਤਾਂ ਖੁਦ ਨਸ਼ੇ ਦੀ ਸਪਲਾਈ ਕਰਨ ਲੱਗਾ। ਇਸ ਤੋਂ ਨਸ਼ੇ ਦੀ ਲਤ ਪੂਰੀ ਹੋਣ ਲੱਗੀ ਅਤੇ ਮੁਨਾਫਾ ਵੀ।
ਪੜ੍ਹਾਈ ਛੱਡ ਪੈ ਗਏ ਨਸ਼ਾ ਸਮੱਗਲਿੰਗ 'ਚ
ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਮਲਕੀਤ ਸਿੰਘ ਨਕੋਦਰ ਦੇ ਇਕ ਕਾਲਜ ਵਿਚ ਬੀ. ਏ. ਦੀ ਪੜ੍ਹਾਈ ਕਰ ਰਿਹਾ ਸੀ। ਉਸ ਨੇ 5 ਸਮੈਸਟਰ ਦੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਆਖਰੀ ਸਮੈਸਟਰ ਪੂਰਾ ਕਰਨ ਤੋਂ ਪਹਿਲਾਂ ਹੀ ਨਸ਼ਾ ਸਮੱਗਲਿੰਗ 'ਚ ਪੈ ਗਿਆ।
ਤਰਨਤਾਰਨ ਦੇ ਬਾਰਡਰ ਇਲਾਕੇ ਤੋਂ ਲਿਆਉਂਦੇ ਸੀ ਹੈਰੋਇਨ 
ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਪੁੱਛਗਿੱਛ ਦੌਰਾਨ ਉਕਤ ਦੋਵਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਇਲਾਕੇ ਤਰਨਤਾਰਨ ਤੋਂ ਕਿਸੇ ਵਿਅਕਤੀ ਤੋਂ ਸਸਤੇ ਮੁੱਲ 'ਤੇ ਨਸ਼ੇ ਦੀ ਖੇਪ ਲਿਆ ਕੇ ਲੁਧਿਆਣਾ 'ਚ ਮਹਿੰਗੇ ਮੁੱਲ 'ਤੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਉਕਤ ਤੀਜੇ ਦੋਸ਼ੀ ਸਬੰਧੀ ਪੁੱਛਗਿੱਛ ਜਾਰੀ ਹੈ। ਪਤਾ ਲੱਗਣ 'ਤੇ ਉਸ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਜਾਵੇਗਾ।