ਖੁਦ ਜ਼ਮਾਨਤ ''ਤੇ ਚੱਲ ਰਹੇ ਮੁੱਲ ਦੇ ਜ਼ਮਾਨਤੀਏ ਮੁੜ ਕਾਬੂ

02/16/2018 7:40:58 AM

''ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ....''
ਬਠਿੰਡਾ(ਬਲਵਿੰਦਰ)-ਜਾਅਲੀ ਕਾਗਜ਼ਾਂ ਦੇ ਆਧਾਰ 'ਤੇ ਮੁੱਲ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਸ ਨੇ ਮੁੜ ਕਾਬੂ ਕਰ ਲਿਆ ਹੈ, ਜੋ ਪਹਿਲਾਂ ਵੀ ਇਨ੍ਹਾਂ ਦੋਸ਼ਾਂ ਵਿਚ ਹੀ ਫੜੇ ਗਏ ਤੇ ਖੁਦ ਜ਼ਮਾਨਤ 'ਤੇ ਰਿਹਾਅ ਹੋ ਕੇ ਜੇਲ 'ਚੋਂ ਬਾਹਰ ਆਏ ਸਨ। ''ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ....'' ਇਹ ਤੁਕਾਂ ਇਨ੍ਹਾਂ 'ਤੇ ਪੂਰੀ ਤਰ੍ਹਾਂ ਸਟੀਕ ਬੈਠਦੀਆਂ ਹਨ ਕਿਉਂਕਿ ਇਹ ਵਿਅਕਤੀ ਪਹਿਲਾਂ ਵੀ ਫੜੇ ਗਏ ਪਰ ਇਹ ਧੰਦਾ ਨਹੀਂ ਛੱਡਿਆ। ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਜਾਅਲੀ ਕਾਗਜ਼ਾਂ ਦੇ ਆਧਾਰ 'ਤੇ ਪੈਸੇ ਲੈ ਕੇ ਕਿਸੇ ਦੀ ਵੀ ਜ਼ਮਾਨਤ ਕਰਵਾ ਦਿੰਦੇ ਹਨ, ਜਿਨ੍ਹਾਂ ਦੀ ਸ਼ਨਾਖਤ ਹੰਸ ਰਾਮ, ਮਾਨ ਸਿੰਘ ਤੇ ਪਵਨ ਕੁਮਾਰ ਵਾਸੀਆਨ ਬਠਿੰਡਾ ਵਜੋਂ ਹੋਈ। ਇਸ ਤੋਂ ਬਾਅਦ ਪੁਲਸ ਨੇ ਇਕ ਟੀਮ ਬਣਾ ਕੇ ਉਕਤ ਦੀ ਘੇਰਾਬੰਦੀ ਕਰ ਲਈ। ਦੋ ਮੁਲਾਜ਼ਮਾਂ ਨੂੰ ਸਿਵਲ ਵਰਦੀ 'ਚ ਗਾਹਕ ਬਣਾ ਕੇ ਇਨ੍ਹਾਂ ਪਾਸ ਭੇਜਿਆ ਗਿਆ। ਮੁਲਜ਼ਮ ਪੈਸੇ ਲੈ ਕੇ ਜਾਅਲੀ ਕਾਗਜ਼ਾਂ ਦੇ ਆਧਾਰ 'ਤੇ ਜ਼ਮਾਨਤ ਕਰਵਾਉਣ ਲਈ ਤਿਆਰ ਹੋ ਗਏ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਤਫਤੀਸ਼ੀ ਅਧਿਕਾਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਰੁੱਧ ਧਾਰਾ 419, 420, 467, 468, 471, 120ਬੀ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਅੱਜ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨਾ ਰਿਮਾਂਡ ਲਿਆ ਗਿਆ ਹੈ ਕਿਉਂਕਿ ਇਨ੍ਹਾਂ ਲੋਕਾਂ ਦੇ ਹੋਰ ਮਾਮਲਿਆਂ ਵਿਚ ਵੀ  ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਇਨ੍ਹਾਂ ਦੇ ਗਿਰੋਹ 'ਚ ਹੋਰ ਵੀ ਕਈ ਵਿਅਕਤੀ ਸ਼ਾਮਲ ਹੈ। ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ।
ਬਰਾਮਦਗੀ
ਮੁਲਜ਼ਮਾਂ ਕੋਲੋਂ ਪੁਲਸ ਨੂੰ ਇਕ ਪਲਾਟ ਦੀ ਜਾਅਲੀ ਰਜਿਸਟਰੀ, ਜਾਅਲੀ ਆਧਾਰ ਕਾਰਡ, ਜਾਅਲੀ ਸ਼ਨਾਖਤੀ ਕਾਰਡ, ਜਾਅਲੀ ਮੋਹਰ ਆਦਿ ਸਾਮਾਨ ਵੀ ਬਰਾਮਦ ਹੋਇਆ ਹੈ।
ਕਿਵੇਂ ਹੁੰਦਾ ਸੀ ਮੁੱਲ ਦੀਆਂ ਜ਼ਮਾਨਤਾਂ ਦਾ ਧੰਦਾ
ਜਾਅਲੀ ਕਾਗਜ਼ਾਂ ਦੇ ਆਧਾਰ 'ਤੇ ਜ਼ਮਾਨਤਾਂ ਕਰਵਾਉਣ ਦਾ ਧੰਦਾ ਛੋਟਾ-ਮੋਟਾ ਨਹੀਂ, ਸਗੋਂ ਕਾਫੀ ਵੱਡਾ ਹੈ, ਜੋ ਸੂਬੇ ਭਰ 'ਚ ਫੈਲਿਆ ਹੋਇਆ ਹੈ। ਇਹ ਮੁੱਲ ਦੇ ਜ਼ਮਾਨਤੀਏ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਜੋ ਆਪੋ-ਆਪਣੇ ਜ਼ਿਲਿਆਂ 'ਚ ਕੰਮ ਕਰਦੇ ਹਨ। ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਇਹ ਵਿਅਕਤੀ ਆਪਣਾ ਜ਼ਿਲਾ ਬਦਲਦੇ ਰਹਿੰਦੇ ਹਨ। ਜਿਵੇਂ ਕਿ ਬਠਿੰਡਾ 'ਚ ਕੰਮ ਕਰਨ ਵਾਲੇ ਵਿਅਕਤੀ ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਮੋਗਾ, ਫਾਜ਼ਿਲਕਾ, ਮਾਨਸਾ, ਸੰਗਰੂਰ, ਬਰਨਾਲਾ ਆਦਿ ਜ਼ਿਲਿਆਂ 'ਚ ਵੀ ਜਾਂਦੇ ਰਹਿੰਦੇ ਹਨ। ਇਹ ਲੋਕ ਜਾਅਲੀ ਫਰਦ, ਰਜਿਸਟਰੀਆਂ, ਆਧਾਰ ਕਾਰਡ, ਜਾਅਲੀ ਸ਼ਨਾਖਤੀ ਕਾਰਡ ਆਦਿ ਬਣਾਉਣ ਦੇ ਮਾਹਰ ਹੁੰਦੇ ਹਨ। ਇਨ੍ਹਾਂ ਦੇ ਏਜੰਟ ਹਰੇਕ ਕਚਹਿਰੀ ਦੇ ਬਾਹਰ ਮਿਲ ਜਾਂਦੇ ਹਨ। ਜੋ ਸ਼ਹਿਰ ਤੋਂ ਬਾਹਰਲੇ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਜਾਂ ਪਰਿਵਾਰਕ ਮੈਂਬਰਾਂ 'ਤੇ ਨਜ਼ਰ ਰੱਖਦੇ ਹਨ। ਉਨ੍ਹਾਂ ਨੂੰ ਖੁਦ ਹੀ ਪੁੱਛ ਲੈਂਦੇ ਹਨ ਕਿ ਜ਼ਮਾਨਤ ਕਰਵਾਉਣੀ ਹੈ ਤਾਂ ਉਹ ਹਾਜ਼ਰ ਹਨ।  ਇਸ ਵਰਤਾਰੇ ਤੋਂ ਕਈ ਵਕੀਲ ਤੇ ਮੁਨਸ਼ੀ ਵੀ ਜਾਣੂ ਹੁੰਦੇ ਹਨ, ਜੋ ਇਨ੍ਹਾਂ ਲੋਕਾਂ ਦਾ ਪਤਾ ਦੱਸ ਦਿੰਦੇ ਹਨ। ਮੁੱਕਦੀ ਗੱਲ ਇਹ ਹੈ ਕਿ ਇਹ ਲੋਕ ਜਾਅਲੀ ਕਾਗਜ਼ਾਂ ਦੇ ਆਧਾਰ 'ਤੇ ਸਬੰਧਤ ਮੁਲਜ਼ਮ ਦੀ ਜ਼ਮਾਨਤ ਆਸਾਨੀ ਨਾਲ ਕਰਵਾ ਦਿੰਦੇ ਹਨ। ਇਨ੍ਹਾਂ ਦੀ ਫੀਸ 10 ਤੋਂ 30 ਹਜ਼ਾਰ ਰੁਪਏ ਤੱਕ ਹੁੰਦੀ ਹੈ, ਜਿਸ ਵਿਚ ਏਜੰਟਾਂ ਦਾ ਹਿੱਸਾ ਵੀ ਹੁੰਦਾ ਹੈ। ਸਾਲ 2014 'ਚ ਪਵਨ ਕੁਮਾਰ ਨੂੰ ਥਾਣਾ ਕੈਨਾਲ ਕਾਲੋਨੀ, 2016 'ਚ ਮਾਨ ਸਿੰਘ ਨੂੰ ਸਿਵਲ ਲਾਈਨ ਅਤੇ 2017 'ਚ ਹੰਸ ਰਾਮ ਨੂੰ ਥਾਣਾ ਕੋਤਵਾਲੀ ਪੁਲਸ ਨੇ ਜਾਅਲੀ ਕਾਗਜ਼ਾਂ ਦੇ ਆਧਾਰ 'ਤੇ ਜ਼ਮਾਨਤਾਂ ਕਰਵਾਉਣ ਦੇ ਦੋਸ਼ਾਂ ਤਹਿਤ ਹੀ ਨਾਮਜ਼ਦ ਕੀਤਾ ਸੀ। ਇਨ੍ਹਾਂ ਕੇਸਾਂ 'ਚੋਂ ਜ਼ਮਾਨਤ 'ਤੇ ਰਿਹਾਅ ਹੋ ਗਏ ਸਨ। ਹੁਣ ਇਹ ਕਰੀਬ ਤਿੰਨ ਮਹੀਨਿਆਂ ਤੋਂ ਮੁੜ ਉਹੀ ਧੰਦਾ ਕਰ ਰਹੇ ਸਨ। ਸੁਭਾਵਿਕ ਹੈ ਕਿ ਇਹ ਲੋਕ ਜਿਨ੍ਹਾਂ ਮੁਲਜ਼ਮਾਂ ਦੀਆਂ ਜ਼ਮਾਨਤਾਂ ਕਰਵਾਉਂਦੇ ਸਨ, ਉਨ੍ਹਾਂ 'ਚ ਕਈ ਖਤਰਨਾਕ ਮੁਲਜ਼ਮ ਵੀ ਹੋਣਗੇ, ਜੋ ਬਾਅਦ 'ਚ ਭਗੌੜੇ ਹੋ ਗਏ।